ਦਿੱਲੀ ਪੁਲਿਸ ਨੇ ਸ਼ਾਹੀਨ ਬਾਗ਼ ਇਲਾਕੇ ’ਚ ਧਾਰਾ–144 ਲਾ ਦਿੱਤੀ ਹੈ ਅਤੇ ਅਹਿਤਿਆਤ ਵਜੋਂ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਉੱਧਰ ਹਿੰਦੂ ਸੈਨਾ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਉਹ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨ ਨੂੰ ਖ਼ਤਮ ਕਰਵਾ ਦੇਣਗੇ। ਚੇਤੇ ਰਹੇ ਕਿ ਸ਼ਾਹੀਨ ਬਾਗ਼ ’ਚ ਪਿਛਲੇ ਸਾਲ 15 ਦਸੰਬਰ ਤੋਂ ਆਮ ਲੋਕ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਧਰਨੇ ’ਤੇ ਬੈਠੇ ਹਨ।
ਦਿੱਲੀ ਦੇ ਸ਼ਾਹੀਨ ਬਾਗ਼ ’ਚ ਸੰਯੁਕਤ ਕਮਿਸ਼ਨਰ ਡੀਸੀ ਸ਼੍ਰੀਵਾਸਤਵ ਨੇ ਕਿਹਾ ਕਿ ਅਹਿਤਿਆਤ ਵਜੋਂ ਇੱਥੇ ਭਾਰੀ ਪੁਲਿਸ ਤਾਇਨਾਤ ਕੀਤੇ ਗਏ ਹਨ। ਸਾਡਾ ਮੰਤਵ ਕਾਨੂੰਨ ਤੇ ਵਿਵਸਥਾ ਕਾਇਮ ਰੱਖਣਾ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਰੋਕਣਾ ਹੈ।
ਸ਼ਾਹੀਨ ਬਾਗ਼ ’ਚ ਪ੍ਰਦਰਸ਼ਨ ਨੂੰ ਲੈ ਕੇ ਸੁਪਰੀਮ ਕੋਰਟ ’ਚ ਦਾਖ਼ਲ ਪਟੀਸ਼ਨ ’ਤੇ ਹੁਣ ਸੁਣਵਾਈ 23 ਮਾਰਚ ਨੂੰ ਹੋਣੀ ਤੈਅ ਹੈ। ਪਟੀਸ਼ਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਦੇਣ ਦੀ ਮੰਗ ਕੀਤੀ ਸੀ। CAA ਵਿਰੁੱਧ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।
ਸ਼ਾਹੀਨ ਬਾਗ਼ ਵਿੱਚ ਬੀਤੇ ਵਰ੍ਹੇ ਦਸੰਬਰ ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਲੋਕ CAA ਭਾਵ ਨਾਗਰਿਕਤਾ ਸੋਘ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਸ਼ਾਹੀਨ ਬਾਗ਼ ’ਤੇ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸੇ ਜਨਤਕ ਥਾਂ ਉੱਤੇ ਅਣਮਿੱਥੇ ਸਮੇਂ ਲਈ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ। ਪਰ ਤਦ ਸੜਕ ਖ਼ਾਲੀ ਕਰਵਾਉਣ ਦਾ ਕੋਈ ਹੁਕਮ ਨਹੀਂ ਦਿੱਤਾ ਸੀ।
ਜਸਟਿਸ ਐੱਸ.ਕੇ. ਕੌਲ ਅਤੇ ਜਸਟਿਸ ਕੇ.ਐੱਮ. ਜੋਜ਼ਫ਼ ਦੇ ਬੈਂਚ ਨੇ ਕਿਹਾ ਸੀ ਕਿ ਇੱਕ ਕਾਨੂੰਨ ਹੈ ਤੇ ਲੋਕਾਂ ਨੂੰ ਉਸ ਵਿਰੁੱਧ ਸ਼ਿਕਾਇਤ ਹੈ। ਮਾਮਲਾ ਅਦਾਲਤ ’ਚ ਮੁਲਤਵੀ ਪਿਆ ਹੈ। ਇਸ ਦੇ ਬਾਵਜੂਦ ਕੁਝ ਲੋਕ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ ਪ੍ਰਦਰਸ਼ਨ ਦਾ ਅਧਿਕਾਰ ਹੈ ਪਰ ਤੁਸੀਂ ਸੜਕਾਂ ਨਹੀਂ ਰੋਕ ਸਕਦੇ। ਅਜਿਹੇ ਖੇਤਰ ਵਿੱਚ ਅਣਮਿੱਥੇ ਸਮੇਂ ਤੱਕ ਪ੍ਰਦਰਸ਼ਨ ਨਹੀਂ ਹੋ ਸਕਦੇ। ਜੇ ਤੁਸੀਂ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ, ਤਾਂ ਇਹ ਪ੍ਰਦਰਸ਼ਨ ਲਈ ਨਿਰਧਾਰਤ ਥਾਂ ਉੱਤੇ ਹੋਣਾ ਚਾਹੀਦਾ ਹੈ।
ਅਦਾਲਤ ਨੇ ਕਿਹਾ ਸੀ ਕਿ ਸ਼ਾਹੀਨ ਬਾਗ਼ ਵਿੱਚ ਲੰਮੇ ਸਮੇਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ ਪਰ ਇਹ ਕਿਸੇ ਹੋਰ ਲਈ ਅਸੁਵਿਧਾ ਨਹੀਂ ਬਣਨਾ ਚਾਹੀਦਾ। ਬੈਂਚ ਨੇ ਇਹ ਵੀ ਕਿਹਾ ਸੀ ਕਿ ਉਹ ਦੂਜੀ ਧਿਰ ਨੂੰ ਸੁਣੇ ਬਗ਼ੈਰ ਕੋਈ ਹਦਾਇਤ ਜਾਰੀ ਨਹੀਂ ਕਰੇਗੀ।