ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਨਜ਼ਰਬੰਦ ਕੀਤੇ ਗਏ ਪੀਪਲਜ਼ ਕਾਨਫਰੰਸ ਦੇ ਆਗੂ ਸੱਜਾਦ ਲੋਨ ਅਤੇ ਪੀਡੀਪੀ ਨੇਤਾ ਵਾਹੀਦ ਪਾਰਾ ਨੂੰ ਅੱਜ ਯਾਨੀ ਬੁੱਧਵਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਬੀਤੇ ਸਾਲ ਪੰਜ ਅਗਸਤ ਤੋਂ ਬਾਅਦ ਉਨ੍ਹਾਂ ਨੂੰ ਨਜ਼ਰਬੰਦ ਰੱਖਿਆ ਗਿਆ ਸੀ।
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਨਜ਼ਰਬੰਦ ਕੀਤੇ ਗਏ ਨੇਤਾ ਹੌਲੀ-ਹੌਲੀ ਆਜ਼ਾਦ ਹੋ ਰਹੇ ਹਨ। ਇਸ ਤੋਂ ਪਹਿਲਾਂ, ਨੈਸ਼ਨਲ ਕਾਨਫਰੰਸ ਦੇ ਤਿੰਨ ਨੇਤਾਵਾਂ ਅਤੇ ਇੱਕ ਪੀਡੀਪੀ ਨੇਤਾ ਨੂੰ ਛੇ ਮਹੀਨਿਆਂ ਬਾਅਦ ਰਿਹਾਅ ਕੀਤਾ ਗਿਆ ਸੀ। ਉਨ੍ਹਾਂ ਨੂੰ ਵੀ ਅਗਸਤ 2019 ਵਿੱਚ ਨਜ਼ਰਬੰਦ ਰੱਖਿਆ ਗਿਆ ਸੀ।
ਇਸ ਤੋਂ ਪਹਿਲਾਂ ਜਿਹੜੇ ਨੇਤਾਵਾਂ ਨੂੰ ਰਿਹਾਅ ਕੀਤਾ ਗਿਆ ਸੀ, ਉਨ੍ਹਾਂ ਵਿੱਚ ਨੈਸ਼ਨਲ ਕਾਨਫਰੰਸ ਦੇ ਅਬਦੁੱਲ ਮਾਜੀਦ ਲਾਰਮੀ, ਗੁਲਾਮ ਨਬੀ ਭੱਟ ਅਤੇ ਮੋ. ਸ਼ਫੀ ਸ਼ਾਮਲ ਸਨ। ਨਾਲ ਹੀ, ਪੀਡੀਪੀ ਦੇ ਇੱਕ ਮੋ. ਯੂਸਫ਼ ਭੱਟ ਨੂੰ ਵੀ ਰਿਹਾਅ ਕੀਤਾ ਗਿਆ ਸੀ।
ਬੀਤੇ ਮਹੀਨੇ ਨੈਸ਼ਨਲ ਕਾਨਫਰੰਸ ਦੇ ਨਾਜ਼ੀਰ ਗੁਰੇਜੀ, ਸਾਬਕਾ ਮੰਤਰੀ ਅਬਦੁੱਲ ਹੱਕ ਖਾਨ, ਮੁਹੰਮਦ ਅੱਬਾਸ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਹਾਜੀ ਅਬਦੁੱਲ ਰਾਸ਼ਿਦ ਨੂੰ ਰਿਹਾਅ ਕੀਤਾ ਗਿਆ ਸੀ।
ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਖ਼ਤਮ ਹੋਣ ਤੋਂ ਬਾਅਦ ਕਈ ਪਾਰਟੀਆਂ ਦੇ ਕਈ ਨੇਤਾਵਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਬਹੁਤ ਸਾਰੇ ਨੇਤਾਵਾਂ ਨੂੰ ਸ੍ਰੀਨਗਰ ਦੇ ਮੌਲਾਨਾ ਆਜ਼ਾਦ ਰੋਡ ਵਿਖੇ ਵਿਧਾਇਕ ਹੋਸਟਲ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੇ ਆਉਣ ਅਤੇ ਜਾਣ ਦੀ ਮਨਾਹੀ ਹੈ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁਲਾ, ਉਮਰ ਅਬਦੁਲਾ ਅਤੇ ਮਹਿਬੂਬਾ ਮੁਫਤੀ 5 ਅਗਸਤ ਤੋਂ ਹੀ ਨਜ਼ਰਬੰਦ ਹਨ। ਉਮਰ ਅਬਦੁਲਾ ਅਤੇ ਮਹਿਬੂਬਾ ਮੁਫਤੀ ਨੂੰ ਸਰਕਾਰੀ ਬੰਗਲੇ ਵਿੱਚ ਰੱਖਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਮਰ ਅਬਦੁਲਾ ਨੂੰ ਹਾਲ ਹੀ ਵਿੱਚ ਉਸ ਦੇ ਘਰ ਤਬਦੀਲ ਕਰ ਦਿੱਤਾ ਗਿਆ ਹੈ।