ਆਪਣੇ ਵਿਵਾਦਗ੍ਰਸਤ ਬਿਆਨਾਂ ਲਈ ਮਸ਼ਹੂਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਹੁਣ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ’ਤੇ ਇੱਕ ਵਿਅੰਗਾਤਮਕ ਤੀਰ ਚਲਾਇਆ ਹੈ। ਉਨ੍ਹਾਂ ਹੁਣ ਉਮਰ ਅਬਦੁੱਲ੍ਹਾ ਦੀ ਵਧੀ ਹੋਈ ਚਿੱਟੀ ਦਾੜ੍ਹੀ ’ਤੇ ਨਿਸ਼ਾਨਾ ਲਾਇਆ ਹੈ।
ਉਮਰ ਅਬਦੁੱਲ੍ਹਾ ਦੀ ਇੱਕ ਤਸਵੀਰ ਵਾਇਰਲ ਹੋਈ ਹੈ, ਜਿਸ ਵਿੱਚ ਉਨ੍ਹਾਂ ਦੀ ਚਿੱਟੀ ਦਾੜ੍ਹੀ ਬਹੁਤ ਜ਼ਿਆਦਾ ਵਧੀ ਹੋਈ ਹੈ ਤੇ ਉਨ੍ਹਾਂ ਨੂੰ ਪਛਾਣਨਾ ਵੀ ਔਖਾ ਹੋ ਰਿਹਾ ਹੈ।
ਇਸੇ ਤਸਵੀਰ ਉੱਤੇ ਵਿਅੰਗ ਕਰਦਿਆਂ ਸ੍ਰੀ ਗਿਰੀਰਾਜ ਸਿੰਘ ਨੇ ਟਵੀਟ ਕੀਤਾ ਹੈ ਕਿ ਧਾਰਾ–370 ਤੇ 35ਏ ਹਟਾਏ ਸਨ… ਉਸਤਰਾ ਨਹੀਂ।
ਸ੍ਰੀ ਗਿਰੀਰਾਜ ਸਿੰਘ ਨੇ ਆਪਣੇ ਟਵੀਟ ’ਚ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਟਵੀਟ ਨੂੰ ਰੀ–ਟਵੀਟ ਕਰ ਕੇ ਸ਼ੇਅਰ ਕੀਤਾ ਹੈ। ਦਰਅਸਲ, ਪਹਿਲਾਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਦਾ ਬਿਆਨ ਆਇਆ ਸੀ ਕਿ ਉਹ ਇਸ ਤਸਵੀਰ ਨੂੰ ਪਛਾਣ ਨਹੀਂ ਸਕੇ।
ਕੁਮਾਰੀ ਮਮਤਾ ਵੀ ਉਮਰ ਅਬਦੁੱਲ੍ਹਾ ਦੀ ਦਾੜ੍ਹੀ ਵਾਲੀ ਵਾਇਰਲ ਤਸਵੀਰ ਦੀ ਹੀ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਸੀ ਕਿ ਮੰਦੇਭਾਗੀਂ ਸਾਡੇ ਲੋਕਤੰਤਰਿਕ ਦੇਸ਼ ਵਿੱਚ ਅਜਿਹਾ ਕੁਝ ਹੋ ਰਿਹਾ ਹੈ, ਇਸ ਦਾ ਅੰਤ ਕਦੋਂ ਹੋਵੇਗਾ?
ਉਮਰ ਅਬਦੁੱਲ੍ਹਾ ਦੀ ਤਸਵੀਰ ਬੀਤੀ 25 ਜਨਵਰੀ ਨੂੰ ਜੰਮੂ–ਕਸ਼ਮੀਰ ਦੇ 20 ਜ਼ਿਲ੍ਹਿਆਂ ਵਿੱਚ 2–ਜੀ ਇੰਟਰਨੈੱਟ ਸੇਵਾ ਬਹਾਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਆਈ ਸੀ।