ਦਿੱਲੀ ਦੇ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੰਤਰੀ ਮੰਡਲ ਦੇ ਤਿੰਨ ਮੰਤਰੀਆਂ ਦਾ ਕੇਂਦਰ ਸਰਕਾਰ ਤੋਂ ਕੋਈ ਜਵਾਬ ਨਾ ਮਿਲਣ ਦੇ ਬਾਵਜੂਦ ਉਪ-ਰਾਜਪਾਲ ਅਨਿਲ ਬੈਜਲ ਦੇ ਦਫਤਰ 'ਚ ਧਰਨਾ ਜਾਰੀ ਹੈ. ਕੇਜਰੀਵਾਲ, ਸਿਸੋਦੀਆ, ਸਤਿੰਦਰ ਜੈਨ ਅਤੇ ਗੋਪਾਲ ਰਾਏ, ਰਾਜਪਾਲ ਦੇ ਸਰਕਾਰੀ ਨਿਵਾਸ ਤੇ ਸੋਮਵਾਰ ਸ਼ਾਮ ਤੋਂ ਧਰਨਾ ਦੇ ਰਹੇ ਹਨ.
ਮੰਗਲਵਾਰ ਤੋਂ ਭੁੱਖ ਹੜਤਾਲ 'ਤੇ ਬੈਠੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ ਹੈ. ਜੈਨ ਨੇ ਟਵੀਟ ਕੀਤਾ, "ਅਸੀਂ ਚਾਰ ਰਾਤਾਂ ਤੋਂ ਉਪ-ਰਾਜਪਾਲ ਦੇ ਦਫ਼ਤਰ ਚ ਉਡੀਕ ਕਰ ਰਹੇ ਹਾਂ ਪਰ ਉਹ ਸਿਰਫ ਚਾਰ ਮਿੰਟ ਲਈ ਵੀ ਨਹੀਂ ਮਿਲ ਸਕਦੇ, ਆਸ ਹੈ ਕਿ ਪ੍ਰਧਾਨ ਮੰਤਰੀ ਇਸ ਮਾਮਲੇ ਚ ਦਖ਼ਲ ਦੇਣਗੇ ਤੇ ਦਿੱਲੀ ਦੇ ਲੋਕਤੰਤਰ ਦੀ ਤੰਦਰੁਸਤੀ ਦੀ ਚਿੰਤਾ ਕਰਨਗੇ. "
ਕੇਜਰੀਵਾਲ ਤੇ ਹੋਰ ਆਗੂ ਤਿੰਨ ਮੰਗਾਂ ਨੂੰ ਮਨਾਉਣ ਲਈ ਧਰਨੇ ਤੇ ਬੈਠੇ ਹਨ. ਜਿਸ 'ਚ ਦਿੱਲੀ ਪ੍ਰਸ਼ਾਸਨ ਵਿੱਚ ਕੰਮ ਕਰਦੇ ਆਈਏਐਸ ਅਫਸਰਾਂ ਨੂੰ ਹੜਤਾਲ ਖ਼ਤਮ ਕਰਨ ਨੂੰ ਕਹਿਣ. ਗਰੀਬਾਂ ਨੂੰ ਘਰ ਦੇ ਦਰਵਾਜ਼ੇ 'ਤੇ ਰਾਸ਼ਨ ਵੰਡਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਅਤੇ ਜਿਹੜੇ ਅਧਿਕਾਰੀ ਚਾਰ ਮਹੀਨਿਆਂ ਤੋਂ ਸਰਕਾਰ ਦੇ ਕੰਮ ਚ ਰੁਕਾਵਟ ਪਾ ਰਹੇ ਹਨ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਸ਼ਾਮਿਲ ਹੈ.
ਕੇਜਰੀਵਾਲ ਨੇ ਕਿਹਾ, "ਉਪ-ਰਾਜਪਾਲ ਤੋਂ ਹਾਲੇ ਤੱਕ ਕੋਈ ਜਵਾਬ ਨਹੀਂ ਮਿਲੀਆ. ਮੈਂ ਮੀਟਿੰਗ ਲਈ ਸਮਾਂ ਮੰਗਿਆ ਸੀ. ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਵੀ ਬੇਨਤੀ ਕੀਤੀ ਪਰ ਕਿਤੋਂ ਵੀ ਕੋਈ ਜਵਾਬ ਨਹੀਂ ਆਇਆ."
ਪਾਰਟੀ ਦੇ ਮੈਂਬਰਾਂ ਨੇ ਇੱਕ ਵੀਡੀਓ ਪੋਸਟ ਕੀਤਾ ਜਿਸ ਚ ਮੋਦੀ ਨੂੰ ਆਈ.ਏ.ਐੱਸ ਅਫਸਰਾਂ ਨੂੰ ਕੰਮ 'ਤੇ ਵਾਪਸ ਲਿਆਉਣ ਦੇ ਨਿਰਦੇਸ਼ ਦੇਣ ਲਈ ਬੇਨਤੀ ਕੀਤੀ ਗਈ ਸੀ. ਸੂਤਰਾਂ ਅਨੁਸਾਰ ਅਨਿਲ ਬੇਜਲ ਸੋਮਵਾਰ ਤੋਂ ਆਪਣੇ ਨਿਵਾਸ 'ਚ ਕੰਮ ਕਰ ਰਹੇ ਹਨ. ਕਈ ਸਿਆਸੀ ਪਾਰਟੀਆਂ ਜਿਵੇਂ ਕਿ ਸੀਪੀਆਈ (ਐੱਮ) ਅਤੇ ਹੋਰ ਹਸਤੀਆਂ ਨੇ ਕੇਜਰੀਵਾਲ ਨੂੰ ਆਪਣਾ ਸਮਰਥਨ ਦਿੱਤਾ ਹੈ, ਜਿਸ 'ਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਅਭਿਨੇਤਾ ਤੋਂ ਸਿਆਸਤਦਾਨ ਬਣੇ ਕਮਲ ਹਸਨ ਅਤੇ ਸ਼ਤਰੂਘਨ ਸਿਨਹਾ ਸ਼ਾਮਲ ਹਨ. ਇਸ ਤੋਂ ਇਲਾਵਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਕੌਮੀ ਜਨਤਾ ਦਲ ਦੇ ਮਨੋਜ ਝਾਅ ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਪਹਿਲਾਂ ਹੀ ਆਪਣਾ ਸਮਰਥਨ ਦਿੱਤਾ ਸੀ.