ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਐਤਵਾਰ (16 ਫਰਵਰੀ) ਨੂੰ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂ ਗੋਪਾਲ ਰਾਏ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ‘ਆਪ’ ਨੇ 8 ਭਾਜਪਾ ਵਿਧਾਇਕਾਂ ਅਤੇ 7 ਸੰਸਦ ਮੈਂਬਰਾਂ ਨੂੰ ਸਮਾਗਮ 'ਚ ਸ਼ਾਮਿਲ ਹੋਣ ਲਈ ਸੱਦਾ ਭੇਜਿਆ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਪ੍ਰਧਾਨ ਮੰਤਰੀ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ।
ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਮੁਤਾਬਿਕ ਉਹ ਐਤਵਾਰ ਨੂੰ 30 ਤੋਂ ਵੱਧ ਪ੍ਰਾਜੈਕਟਾਂ ਦੇ ਉਦਘਾਟਨ ਲਈ ਆਪਣੇ ਸੰਸਦੀ ਖੇਤਰ ਵਾਰਾਣਸੀ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਆਪਣੀ ਫੇਰੀ ਦੌਰਾਨ 1222 ਕਰੋੜ ਰੁਪਏ ਦੇ 52 ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ 446 ਕਰੋੜ ਰੁਪਏ ਦੇ 23 ਵਿਕਾਸ ਕਾਰਜਾਂ ਦੀ ਨੀਂਹ ਪੱਥਰ ਰੱਖਣਗੇ। ਇਸ 'ਚ ਬੀਐਚਯੂ 'ਚ ਵੈਦਿਕ ਸਾਇੰਸ ਸੈਂਟਰ, ਕੈਂਸਰ ਹਸਪਤਾਲ ਦੀ ਰਿਹਾਇਸ਼ੀ ਇਮਾਰਤ ਅਤੇ ਬੀਐਚਯੂ ਵਿਖੇ ਸੁਪਰ-ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਸ਼ਾਮਿਲ ਹੈ।
ਚੌਕਾਘਾਟ-ਲਹਿਰਤਾਰਾ ਫਲਾਈਓਵਰ, ਮੰਡਾਲਾ ਹਸਪਤਾਲ ਕੰਪਲੈਕਸ ਵਿੱਖੇ ਸਥਿਤ ਮੈਟਰਨਿਟੀ ਵਿੰਗ, ਰਾਜਾਤਲਾਬ 'ਚ 220 ਕੇਵੀ ਪਾਵਰ ਸਬ-ਸਟੇਸ਼ਨ, ਪੁਲਿਸ ਲਾਈਨ ਕੰਪਲੈਕਸ ਵਿਖੇ 200 ਕੈਦੀਆਂ ਦੀ ਸਮਰੱਥਾ ਵਾਲੀ ਮਹਿਲਾ ਬੈਰਕ, ਸ਼ਹਿਰ 'ਚ ਤਿੰਨ ਸਥਾਨਾਂ 'ਤੇ ਮਲਟੀਲੈਵਲ ਪਾਰਕਿੰਗ ਪ੍ਰਾਜੈਕਟ ਪ੍ਰਮੁੱਖ ਹਨ।
ਆਮ ਆਦਮੀ ਪਾਰਟੀ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਭੇਜਿਆ ਗਿਆ ਸੀ। ਰਾਏ ਨੇ ਦੱਸਿਆ ਹੈ ਕਿ ਸਹੁੰ ਚੁੱਕ ਸਮਾਗਮ ਲਈ ਦਿੱਲੀ ਦੇ ਸਾਰੇ 7 ਸੰਸਦ ਮੈਂਬਰ ਅਤੇ ਭਾਜਪਾ ਦੇ 8 ਨਵੇਂ ਚੁਣੇ ਵਿਧਾਇਕਾਂ ਨੂੰ ਵੀ ਬੁਲਾਇਆ ਗਿਆ ਹੈ। ਰਾਏ ਨੇ ਕਿਹਾ ਕਿ ਦੂਜੇ ਸੂਬਿਆਂ ਦਾ ਕੋਈ ਵੀ ਮੁੱਖ ਮੰਤਰੀ ਜਾਂ ਆਗੂ ਸਮਾਗਮ ਦਾ ਹਿੱਸਾ ਨਹੀਂ ਹੋਵੇਗਾ, ਕਿਉਂਕਿ ਇਹ ਵਿਸ਼ੇਸ਼ ਤੌਰ 'ਤੇ ਦਿੱਲੀ ਦਾ ਸਮਾਗਮ ਹੈ।
ਕੇਜਰੀਵਾਲ ਨੇ ਅਖਬਾਰਾਂ ਵਿੱਚ ਇਸ਼ਤਿਹਾਰਾਂ ਰਾਹੀਂ ਦਿੱਲੀ ਵਾਸੀਆਂ ਨੂੰ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣਨ 'ਤੇ ਉਨ੍ਹਾਂ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਆਪਣੀ ਕੈਬਿਨੇਟ ਨਾਲ ਐਤਵਾਰ ਸਵੇਰੇ 10 ਵਜੇ ਰਾਮਲੀਲਾ ਮੈਦਾਨ ਵਿੱਚ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ ਹੈ। ਮੰਗਲਵਾਰ ਨੂੰ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ 50% ਤੋਂ ਵੱਧ ਵੋਟਾਂ ਨਾਲ 62 ਸੀਟਾਂ ਜਿੱਤੀਆਂ। ਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ 3 ਵੱਧ ਕੇ 8 ਹੋ ਗਈ ਹੈ। ਕਾਂਗਰਸ ਪਿਛਲੀ ਵਾਰ ਦੀ ਤਰ੍ਹਾਂ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਕਾਂਗਰਸ ਦੇ 63 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਕਰ ਹੋ ਗਈ ਹੈ।