ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਵਿੰਦ ਕੇਜਰੀਵਾਲ ਹੋਣਗੇ ਚਾਰਜਸ਼ੀਟ, ਨਵੀਂ ਮੁਸੀਬਤ

ਅਰਵਿੰਦ ਕੇਜਰੀਵਾਲ ਹੋਣਗੇ ਚਾਰਜਸ਼ੀਟ

ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ `ਤੇ ਹੋਏ ਕਥਿਤ ਹਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿ਼ਲਾਫ਼ ਦੋਸ਼-ਪੱਤਰ ਆਇਦ (ਚਾਰਜਸ਼ੀਟ) ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਖਿ਼ਲਾਫ਼ ਅਪਰਾਧਕ ਸਾਜਿ਼ਸ਼ ਰਚਣ ਦੇ ਦੋਸ਼ ਆਇਦ ਹੋ ਸਕਦੇ ਹਨ।

ਇੱਕ ਸੀਨੀਅਰ ਪੁਲਿਸਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੇਜਰੀਵਾਲ ਖਿ਼ਲਾਫ਼ ਤੀਸ ਹਜ਼ਾਰੀ ਅਦਾਲਤ ਵਿੱਚ ਚਾਰਜਸ਼ੀਟ ਸਨਿੱਚਰਵਾਰ ਨੂੰ ਜਾਂ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਦਾਇਰ ਕੀਤੀ ਜਾ ਸਕਦੀ ਹੈ।

ਭਾਵੇਂ ਇਸ ਹਮਲੇ ਨਾਲ ਸਬੰਧਤ ਮਾਮਲੇ ਵਿੱਚ ਕੇਜਰੀਵਾਲ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਐੱਫ਼ਆਈਆਰ ਵਿੱਚ ਕਿਤੇ ਉਨ੍ਹਾਂ ਦਾ ਨਾਂਅ ਹੈ ਪਰ ਫਿਰ ਵੀ ਪੁਲਿਸ ਨੇ ਉਨ੍ਹਾਂ ਤੋਂ ਦੋ ਵਾਰ ਪੁੱਛਗਿੱਛ ਕੀਤੀ ਹੈ।

ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੀ ਇਸੇ ਜੁਰਮ ਅਧੀਨ ਚਾਰਜਸ਼ੀਟ ਕੀਤਾ ਜਾਵੇਗਾ।

ਬੀਤੀ 19 ਫ਼ਰਵਰੀ ਦੇਰ ਰਾਤ ਨੂੰ ਅੰਸ਼ੂ ਪ੍ਰਕਾਸ਼ ਇੱਕ ਮੀਟਿੰਗ ਵਿੱਚ ਭਾਗ ਲੈਣ ਲਈ ਕੇਜਰੀਵਾਲ ਦੀ ਸਿਵਲ ਲਾਈਨਜ਼ ਰਿਹਾਇਸ਼ਗਾਹ `ਤੇ ਪੁੱਜੇ ਸਨ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਮਾਨਤਉੱਲ੍ਹਾ ਖ਼ਾਨ ਅਤੇ ਪ੍ਰਕਾਸ਼ ਜਰਵਾਲ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਸੀ। ਦੋਵੇਂ ਵਿਧਾਇਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਬਾਅਦ `ਚ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ ਸੀ।

ਪਿਛਲੇ ਮਹੀਨੇ ਜਦੋਂ ਪੁਲਿਸ ਦੀ ਇੱਕ ਟੀਮ ਨੇ ਕੇਜਰੀਵਾਲ ਤੋਂ ਪੁੱਛਗਿੱਛ ਕੀਤੀ ਸੀ, ਤਦ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਅੰਸ਼ੂ ਪ੍ਰਕਾਸ਼ `ਤੇ ਹੋਇਆ ਹਮਲਾ ਇੱਕ ਸੋਚੀ-ਸਮਝੀ ਸਾਜਿ਼ਸ਼ ਸੀ।

ਆਮ ਆਦਮੀ ਪਾਰਟੀ ਨੇ ਮੁੱਖ ਸਕੱਤਰ ਵੱਲੋਂ ਲਾਏ ਗਏ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਹ ਸਭ ਸਿਆਸੀ ਹਿਤਾਂ ਤੋਂ ਪ੍ਰੇਰਿਤ ਹੈ। ਇਸ ਘਟਨਾ ਤੋਂ ਬਾਅਦ ਦਿੱਲੀ ਸਰਕਾਰ ਦੇ ਮੰਤਰੀਆਂ ਅਤੇ ਸਰਕਾਰੀ ਨੌਕਰਸ਼ਾਹਾਂ (ਅਫ਼ਸਰਸ਼ਾਹਾਂ) ਵਿਚਾਲੇ ਦੂਰੀਆਂ ਵਧ ਗਈਆਂ ਸਨ। ਇਨ੍ਹਾਂ ਅਧਿਕਾਰੀਆਂ ਨੇ ਇਹ ਆਖ ਕੇ ਮੰਤਰੀਆਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉੱਥੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

ਕੇਜਰੀਵਾਲ ਨੇ ਆਪਣੇ ਤਿੰਨ ਮੰਤਰੀਆਂ ਨਾਲ ਲੈਫ਼ਟੀਨੈਂਟ ਗਵਰਨਰ ਅਨਿਲ ਬੈਜਲ ਦੇ ਦਫ਼ਤਰ `ਚ ਧਰਨਾ ਵੀ ਦਿੱਤਾ ਸੀ ਅਤੇ ਬੈਜਲ ਹੁਰਾਂ ਦੇ ਦਖ਼ਲ ਦੇਣ ਤੱਕ ਉਨ੍ਹਾਂ ਇਸ ਦਫ਼ਤਰ `ਚੋਂ ਜਾਣ ਤੋਂ ਇਨਕਾਰ ਕਰ ਦਿੱਤਾ ਸੀ।

ਅਰਵਿੰਦ ਕੇਜਰੀਵਾਲ ਲੈਫ਼ਟੀਨੈਂਟ ਗਵਰਨਰ ਦੇ ਦਫ਼ਤਰ ਤੋਂ ਸਿਰਫ਼ ਉਦੋਂ ਹੀ ਗਏ ਸਨ, ਜਦੋਂ ਆਈਏਐੱਸ ਅਧਿਕਾਰੀਆਂ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ ਇਹ ਨਹੀਂ ਆਖ ਦਿੱਤਾ ਸੀ ਕਿ ਉਹ ਆਮ ਵਾਂਗ ਕੰਮ ਕਰ ਰਹੇ ਹਨ ਤੇ ਉਨ੍ਹਾਂ `ਤੇ ਕੋਈ ਹਮਲਾ ਨਹੀਂ ਹੋਇਆ ਸੀ। ਆਈਏਐੱਸ ਅਧਿਕਾਰੀਆਂ ਨੇ ਇਹ ਵੀ ਕਿਹਾ ਸੀ ਕਿ ਉਹ ਮੰਤਰੀਆਂ ਨਾਲ ਬੈਠ ਕੇ ਸਾਰੀਆਂ ਸਮੱਸਿਆਵਾਂ ਹੱਲ ਕਰ ਲੈਣਗੇ।

ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਵੀ ਲੈਫ਼ਟੀਨੈਂਟ ਗਵਰਨਰ ਦੇ ਦਫ਼ਤਰ ਵਿੱਚ ਧਰਨਾ ਦੇਣ ਬਦਲੇ ਅਰਵਿੰਦ ਕੇਜਰੀਵਾਲ ਦੀ ਖਿਚਾਈ ਕੀਤੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arvind Kejriwal would be chargesheeted