ਜਸਟਿਸ ਡੀ ਕੇ ਤ੍ਰਿਵੇਦੀ ਕਮਿਸ਼ਨ ਨੇ ਕਥਿਤ ਧਰਮਗੁਰੂ ਆਸਾਰਾਮ ਅਤੇ ਉਸ ਦੇ ਬੇਟੇ ਨਰਾਇਣ ਸਾਈ ਨੂੰ ਉਨ੍ਹਾਂ ਵੱਲੋਂ ਚਲਾਏ ਜਾਂਦੇ ਰਿਹਾਇਸ਼ੀ ਸਕੂਲ ਵਿੱਚ ਪੜ੍ਹਣ ਵਾਲੇ ਦੋ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ। ਜੁਲਾਈ 2008 ਵਿੱਚ ਹੋਈ ਇਸ ਘਟਨਾ ਦੀ ਜਾਂਚ ਕਮਿਸ਼ਨ ਨੂੰ ਸੌਂਪੀ ਗਈ ਸੀ।
ਕਮਿਸ਼ਨ ਨੇ 2013 ਵਿੱਚ ਰਾਜ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਸ਼ੁੱਕਰਵਾਰ ਨੂੰ ਗੁਜਰਾਤ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ। ਕਮਿਸ਼ਨ ਨੇ ਹਾਲਾਂਕਿ ਕਿਹਾ ਹੈ ਕਿ ਰਿਹਾਇਸ਼ੀ ਸਕੂਲ ਤੋਂ ਦੋ ਬੱਚਿਆਂ ਦੇ ਲਾਪਤਾ ਹੋਣਾ ਪ੍ਰਬੰਧਕਾਂ ਦੀ "ਲਾਪਰਵਾਹੀ" ਦਰਸਾਉਂਦਾ ਹੈ ਜਿਸ ਨੂੰ "ਬਰਦਾਸ਼ਤ" ਨਹੀਂ ਕੀਤਾ ਜਾ ਸਕਦਾ।
ਆਸਾਰਾਮ ਦੇ ਗੁਰੂਕੁਲ (ਰਿਹਾਇਸ਼ੀ ਸਕੂਲ) ਵਿੱਚ ਪੜ੍ਹਣ ਵਾਲੇ ਦੋ ਭਰਾਵਾਂ ਦੀਪੇਸ਼ ਵਾਘੇਲਾ (10) ਅਤੇ ਅਭਿਸ਼ੇਕ ਵਾਘੇਲਾ (11) ਦੀਆਂ ਲਾਸ਼ਾਂ ਪੰਜ ਜੁਲਾਈ 2008 ਨੂੰ ਸਾਬਰਮਤੀ ਨਦੀ ਦੇ ਕੰਢੇ ਮਿਲੀਆਂ ਸਨ। ਦੋਵੇਂ ਬੱਚੇ ਦੋ ਦਿਨ ਪਹਿਲਾਂ ਸਕੂਲ ਦੇ ਹੋਸਟਲ ਤੋਂ ਲਾਪਤਾ ਹੋ ਗਏ ਸਨ। ਆਸਾਰਾਮ ਦੇ 'ਆਸ਼ਰਮ' ਵਿੱਚ ਬਣੇ ਸਕੂਲ ਅਤੇ ਹੋਸਟਲ ਨਦੀ ਕਿਨਾਰੇ ਸਥਿਤ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਆਸਾਰਾਮ ਅਤੇ ਉਸ ਦੇ ਬੇਟੇ ਨਾਰਾਇਣ ਸਾਈ ਆਸ਼ਰਮ ਵਿੱਚ ਤਾਂਤਤ੍ਰਿਕ ਵਿਧੀ ਕਰਦੇ ਸਨ। ਇਸ ਵਿੱਚ ਕਿਹਾ ਗਿਆ ਹੈ ਕਿ ਗੁਰੂਕੁਲ ਪ੍ਰਬੰਧਨ ਦੇ ਨਾਲ-ਨਾਲ ਆਸ਼ਰਮ ਦੇ ਅਧਿਕਾਰੀ ਵੀ ਗੁਰੂਕੁਲ ਹੋਸਟਲ ਵਿੱਚ ਰਹਿਣ ਵਾਲੇ ਬੱਚਿਆਂ ਦੇ ਰਖਵਾਲੇ ਹਨ ਅਤੇ ਬੱਚਿਆਂ ਦੀ ਦੇਖਭਾਲ ਉਨ੍ਹਾਂ ਦਾ ਫ਼ਰਜ਼ ਹੈ।