ਰਾਜਨੀਤੀ 'ਚ ਕੁੱਝ ਹੀ ਅਜਿਹੀ ਸ਼ਖਸੀਅਤਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਹਰ ਕੋਈ ਪਸੰਦ ਕਰਦਾ ਹੈ। ਇਸੇ ਤਰ੍ਹਾਂ ਭਾਰਤ ਦੇ ਸੱਭ ਤੋਂ ਪ੍ਰਸਿੱਧ ਰਾਜਨੇਤਾਵਾਂ 'ਚੋਂ ਇੱਕ ਅਟਲ ਬਿਹਾਰੀ ਵਾਜਪਾਈ ਵੀ ਹਨ, ਜਿਨ੍ਹਾਂ ਨੂੰ ਅੱਜ ਵੀ ਉਨ੍ਹਾਂ ਦੇ ਦਮਦਾਰ ਭਾਸ਼ਣਾਂ ਅਤੇ ਉਨ੍ਹਾਂ ਵੱਲੋਂ ਦੇਸ਼ ਦੇ ਵਿਕਾਸ 'ਚ ਕੀਤੇ ਯੋਗਦਾਨਾਂ ਕਾਰਨ ਯਾਦ ਕੀਤਾ ਜਾਂਦਾ ਹੈ। ਅੱਜ 25 ਦਸੰਬਰ ਨੂੰ ਕ੍ਰਿਸਮਸ ਡੇਅ ਤੋਂ ਇਲਾਵਾ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਵੀ ਹੈ।
25 ਦਸੰਬਰ 1924 ਨੂੰ ਗਵਾਲੀਅਰ ਦੇ ਇੱਕ ਮੱਧਵਰਗੀ ਪਰਿਵਾਰ ਵਿੱਚ ਜਨਮ ਲੈਣ ਵਾਲੇ ਵਾਜਪਾਈ ਦੀ ਸ਼ੁਰੂਆਤੀ ਸਿੱਖਿਆ ਗਵਾਲੀਅਰ ਦੇ ਵਿਕਟੋਰੀਆ (ਹੁਣ ਲਕਸ਼ਮੀਬਾਈ) ਕਾਲਜ ਅਤੇ ਕਾਨਪੁਰ ਦੇ ਡੀਏਵੀ ਕਾਲਜ 'ਚ ਹੋਈ। ਜਿਸ ਦਿਨ ਵਾਜਪਾਈ ਦਾ ਜਨਮ ਹੋਇਆ, ਉਹੀ ਦਿਨ ਕ੍ਰਿਸਮਸ ਵੀ ਸੀ। ਮਹਿਜ਼ 18 ਸਾਲ ਦੀ ਉਮਰ ਵਿੱਚ ਉਹ ਸੁਤੰਤਰਤਾ ਅੰਦੋਲਨ ਦਾ ਹਿੱਸਾ ਬਣ ਗਏ ਅਤੇ 1942 ਵਿੱਚ ਉਹ ਰਾਜਨੀਤੀ ਵਿੱਚ ਦਾਖਲ ਹੋਏ।

ਇਸ ਤੋਂ ਬਾਅਦ 1951 ਵਿਚ ਉਹ ਭਾਰਤੀ ਜਨਸੰਘ ਦੇ ਸੰਸਥਾਪਕ ਮੈਂਬਰ ਬਣੇ। ਪਹਿਲੀ ਵਾਰ 1957 ਵਿਚ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਤੋਂ ਉਹ ਲੋਕ ਸਭਾ ਲਈ ਚੁਣੇ ਗਏ। ਸੰਸਦ ਵਿਚ ਆਪਣੇ ਪਹਿਲੇ ਭਾਸ਼ਣ 'ਚ ਵਾਜਪਾਈ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਉਨ੍ਹਾਂ ਦਾ ਭਾਸ਼ਣ ਇੰਨਾ ਗੰਭੀਰ ਸੀ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਯਾਤਰਾ ‘ਤੇ ਆਏ ਇੱਕ ਮਹਿਮਾਨ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਇਹ ਨੌਜਵਾਨ ਇੱਕ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ। ਵਾਜਪਾਈ 47 ਸਾਲਾਂ ਤੱਕ ਸੰਸਦ ਮੈਂਬਰ ਰਹੇ। ਉਹ 10 ਵਾਰ ਲੋਕ ਸਭਾ ਅਤੇ 2 ਵਾਰ ਰਾਜ ਸਭਾ ਦੇ ਮੈਂਬਰ ਵੀ ਰਹੇ।
ਵਾਜਪਾਈ ਨੇ 1955 'ਚ ਪਹਿਲੀ ਵਾਰ ਚੋਣ ਮੈਦਾਨ ‘ਚ ਕਦਮ ਰੱਖਿਆ ਜਦੋਂ ਵਿਜੈ ਲਕਸ਼ਮੀ ਪੰਡਿਤ ਵੱਲੋਂ ਖਾਲੀ ਕੀਤੀ ਗਈ ਲਖਨਊ ਸੀਟ ਦੀਆਂ ਉਪ ਚੋਣਾਂ 'ਚ ਉਹ ਹਾਰ ਗਏ। ਬਾਅਦ 'ਚ ਇਸੇ ਸੰਸਦੀ ਹਲਕੇ ਤੋਂ ਜਿੱਤ ਕੇ ਪ੍ਰਧਾਨ ਮੰਤਰੀ ਅਹੁਦੇ ਤੱਕ ਪਹੁੰਚੇ। ਉੱਤਰ ਪ੍ਰਦੇਸ਼ ਦੀ ਬਲਰਾਮਪੁਰ ਸੀਟ ਤੋਂ 1957 'ਚ ਪਹਿਲੀ ਵਾਰ ਚੋਣ ਜਿੱਤ ਦੇ ਲੋਕ ਸਭਾ 'ਚ ਕਦਮ ਰੱਖਿਆ। 1962 ‘ਚ ਇਸੇ ਚੋਣ ਹਲਕੇ 'ਚ ਕਾਂਗਰਸ ਦੀ ਸੁਭੱਦਰਾ ਜੋਸ਼ੀ ਤੋਂ ਹਾਰ ਗਏ ਪਰ 1967 'ਚ ਉਨ੍ਹਾਂ ਨੇ ਫਿਰ ਇਸੇ ਸੀਟ ‘ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ 1972 'ਚ ਗਵਾਲੀਅਰ ਸੀਟ, 1977 ਅਤੇ 1980 'ਚ ਨਵੀਂ ਦਿੱਲੀ, 1991, 1996 ਅਤੇ 1998 'ਚ ਲਖਨਊ ਸੰਸਦੀ ਸੀਟ 'ਤੇ ਜਿੱਤ ਹਾਸਲ ਕੀਤੀ।

ਐਮਰਜੈਂਸੀ ਦੌਰਾਨ ਜੈ ਪ੍ਰਕਾਸ਼ ਨਰਾਇਣ ਅਤੇ ਹੋਰ ਵਿਰੋਧੀ ਲੀਡਰਾਂ ਦੇ ਨਾਲ ਵਾਜਪਾਈ ਵੀ ਜੇਲ ਗਏ। ਜਦੋਂ 1977 'ਚ ਐਮਰਜੈਂਸੀ ਖਤਮ ਹੋ ਗਈ ਤਾਂ ਜਨਸੰਘ ਦੇ ਜਨਤਾ ਪਾਰਟੀ 'ਚ ਤਬਦੀਲ ਹੋਣ 'ਚ ਉਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ। ਵਾਜਪਾਈ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ 'ਭਾਰਤ ਰਤਨ' ਮਿਲਣ ਤੋਂ ਪਹਿਲਾਂ 1992 'ਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਅਤੇ 1994 'ਚ ਉਨ੍ਹਾਂ ਨੂੰ ਸ੍ਰੇਸ਼ਠ ਸੰਸਦ ਮੈਂਬਰ ਦੇ ਤੌਰ 'ਤੇ ਗੋਵਿੰਦ ਵੱਲਭ ਪੰਤ ਅਤੇ ਲੋਕਮਾਨਿਆ ਤਿਲਕ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।
ਮੁਲਕ ਦੇ ਸੁੱਘੜ-ਸਿਆਣੇ ਸਿਆਸਤਦਾਨਾਂ ਵਿਚ ਸ਼ੁਮਾਰ ਅਟਲ ਬਿਹਾਰੀ ਵਾਜਪਾਈ ਨੂੰ ਵੱਖ-ਵੱਖ ਵਿਰੋਧਾਂ ਨੂੰ ਵੀ ਮੁਹਾਰਤ ਨਾਲ ਹੱਲ ਕਰਨ ਲਈ ਜਾਣਿਆ ਜਾਂਦਾ ਹੈ। ਗੁਜਰਾਤ ਦੇ ਦੰਗਿਆਂ ਦੌਰਾਨ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਮੌਕੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਰਾਜ ਧਰਮ ਨਿਭਾਉਣ ਅਤੇ ਇਹ ਯਕੀਨੀ ਬਣਾਉਣ ਦੀ ਨਸੀਹਤ ਦਿੱਤੀ ਸੀ ਕਿ ਸਰਕਾਰੀ ਤੌਰ 'ਤੇ ਜਾਤ, ਧਰਮ ਜਾਂ ਨਸਲ ਦੇ ਆਧਾਰ 'ਤੇ ਕਿਸੇ ਨਾਲ ਵਿਤਕਰਾ ਨਾ ਹੋਵੇ।

ਇਸ ਤੋਂ 10 ਵਰ੍ਹੇ ਪਹਿਲਾਂ ਬਾਬਰੀ ਮਸਜਿਦ ਢਾਹੇ ਜਾਣ ਸਮੇਂ ਵੀ ਭਾਜਪਾ ਵਿੱਚ ਉਹ ਇਕੱਲੇ ਅਜਿਹੇ ਆਗੂ ਸਨ ਜਿਨ੍ਹਾਂ ਇਸ ਕਾਰਵਾਈ 'ਤੇ ਅਫਸੋਸ ਜ਼ਾਹਿਰ ਕੀਤਾ ਸੀ। ਉਨ੍ਹਾਂ ਇਸ ਘਟਨਾ ਨੂੰ ਅਫਸੋਸਜਨਕ ਕਰਾਰ ਦਿੱਤਾ ਸੀ। 1996 ਵਿੱਚ ਕੇਂਦਰ ਦੀ ਸੱਤਾ 'ਤੇ ਭਾਜਪਾ ਦੀ ਤਾਜਪੋਸ਼ੀ ਵਾਜਪਾਈ ਦੀ ਅਗਵਾਈ ਵਿਚ ਹੋਈ। ਹਾਲਾਂਕਿ ਉਨ੍ਹਾਂ ਦੀ ਸੱਤਾ ਮਹਿਜ਼ 13 ਦਿਨ ਹੀ ਰਹੀ।
ਵਾਜਪਾਈ ਦੀ ਕ੍ਰਿਸ਼ਮਈ ਸ਼ਖਸੀਅਤ ਕਾਰਨ ਭਾਜਪਾ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਅਵਿਸ਼ਵਾਸ ਮਤੇ ਦੀ ਅਗਨੀ ਪ੍ਰੀਖਿਆ ਪਾਸ ਨਹੀਂ ਕਰ ਸਕੀ ਅਤੇ ਡਿੱਗ ਗਈ। ਅਕਤੂਬਰ 1999 ਵਿੱਚ ਬਣੀ ਭਾਜਪਾ ਦੀ ਅਗਲੀ ਸਰਕਾਰ ਨੇ ਉਨ੍ਹਾਂ ਦੀ ਅਗਵਾਈ ਵਿਚ ਆਪਣਾ ਕਾਰਜਕਾਲ ਪੂਰਾ ਕੀਤਾ। ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਵੱਡੀਆ ਪ੍ਰਾਪਤੀਆਂ ਵਿਚ 1 ਮਈ 1998 ਵਿੱਚ ਪਰਮਾਣੂ ਪ੍ਰੀਖਣ ਸ਼ਾਮਲ ਹੈ।

ਸਾਲ 2004 ਦੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਵਾਜਪਾਈ ਨੇ 2005 ਵਿਚ ਰਾਜਨੀਤੀ ਤੋਂ ਸੰਨਿਆਸ ਲੈ ਲਿਆ। ਉਹ ਬੀਮਾਰ ਰਹਿਣ ਲੱਗ ਪਏ ਅਤੇ ਹੌਲੀ-ਹੌਲੀ ਗੁੰਮਨਾਮ ਹੁੰਦੇ ਚਲੇ ਗਏ। 2009 ਵਿਚ ਉਨ੍ਹਾਂ ਨੇ ਇੱਕ ਸੰਸਦ ਮੈਂਬਰ ਵਜੋਂ ਆਪਣਾ ਕਾਰਜ ਕਾਲ ਪੂਰਾ ਕੀਤਾ ਅਤੇ ਮੁੜ ਕਦੇ ਚੋਣ ਨਹੀਂ ਲੜੀ। ਇਸ ਤੋਂ ਬਾਅਦ ਉਹ ਕਦੇ ਲੋਕਾਂ ਵਿਚ ਨਜ਼ਰ ਨਹੀਂ ਆਏ।
ਵਾਜਪਾਈ ਰਾਸ਼ਟਰਦੂਤ ਰਸਾਲੇ ਅਤੇ ਵੀਰ ਅਰਜੁਨ ਅਖਬਾਰ ਦੇ ਸੰਪਾਦਕ ਵੀ ਰਹੇ। ਉਨ੍ਹਾਂ ਵਿਆਹ ਨਹੀਂ ਕਰਵਾਇਆ ਪਰ ਉਨ੍ਹਾਂ ਜੀਵਨ ਦੇ ਹਰ ਰੰਗ ਨੂੰ ਆਪਣੀਆਂ ਕਵਿਤਾਵਾਂ ਵਿੱਚ ਬਾਖੂਬੀ ਪ੍ਰਗਟਾਇਆ। 16 ਅਗੱਸਤ 2018 ਨੂੰ 93 ਸਾਲ ਦੀ ਉਮਰ 'ਚ ਅਟਲ ਬਿਹਾਰੀ ਵਾਜਪਾਈ ਦੀ ਮੌਤ ਹੋ ਗਈ।