ਐੱਨਈਆਰ ਦੀ ਪਹਿਲੀ ਕਾਰਪੋਰੇਟ ਰੇਲ–ਗੱਡੀ ਤੇਜਸ ਐਕਸਪ੍ਰੈੱਸ ਦੇ ਯਾਤਰੀਆਂ ਨੂੰ ਛੇਤੀ ਹੀ ਚਲਦੀ ਰੇਲ–ਗੱਡੀ ਵਿੱਚ ਆਪਣੇ ਬੈਂਕ ਖਾਤਿਆਂ ਵਿੱਚੋਂ ਪੈਸੇ ਕਢਵਾਉਣ ਦੀ ਸਹੂਲਤ ਮਿਲੇਗੀ। IRCTC ਦੇ ਪ੍ਰਸਤਾਵ ਉੱਤੇ ਇੱਕ ਬੈਂਕ ਨੇ ਰੇਲ–ਗੱਡੀ ਵਿੱਚ ਏਟੀਐੱਮ ਲਾਉਣ ਦੀ ਪਹਿਲ ਕੀਤੀ ਹੈ। ਉਂਝ ਇਸ ਮਾਮਲੇ ’ਚ ਕੁਝ ਰਸਮੀ ਕਾਰਵਾਈਆਂ ਬਾਕੀ ਹਨ। ਇਹ ਕਾਰਵਾਈਆਂ ਮੁਕੰਮਲ ਹੋਣ ’ਤੇ ਏਟੀਐੱਮ ਲਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।
ਉਂਝ ਤਾਂ ਤੇਜਸ ਐਕਸਪ੍ਰੈੱਸ ਆਪਣੀਆਂ ਕਈ ਅਤਿ–ਆਧੁਨਿਕ ਖ਼ੂਬੀਆਂ ਕਾਰਨ ਬਾਕੀ ਰੇਲ–ਗੱਡੀਆਂ ਤੋਂ ਵੱਖ ਹੈ ਪਰ ਇਸ ਵਿੱਚ ਏਟੀਐੱਮ ਸੇਵਾ ਸ਼ੁਰੂ ਹੋ ਜਾਣ ਨਾਲ ਇਹ ਦੇਸ਼ ਦੀ ਪਹਿਲੀ ਅਜਿਹੀ ਰੇਲ–ਗੱਡੀ ਬਣ ਜਾਵੇਗੀ, ਜਿਸ ਦੇ ਮੁਸਾਫ਼ਰ ਚੱਲਦੀ ਰੇਲ–ਗੱਡੀ ਦੌਰਾਨ ਵੀ ਪੈਸੇ ਕੱਢ ਸਕਣਗੇ।
IRCTC ਦੇ ਪ੍ਰਸਤਾਵ ਉੱਤੇ ਇੱਕ ਬੈਂਕ ਦੇ ਅਧਿਕਾਰੀਆਂ ਨੇ ਕੋਚ ਦਾ ਨਿਰੀਖਣ ਕਰ ਲਿਆ ਹੈ। ਆਸ ਹੈ ਕਿ ਪੂਰੀ ਰੇਲ–ਗੱਡੀ ਵਿੱਚ ਦੋ ਏਟੀਐੱਮ ਲੱਗਣਗੇ। ਸ਼ਾਇਦ ਪੰਜ ਡੱਬਿਆਂ ਪਿੱਛੇ ਇੱਕ ਏਟੀਐੱਮ ਲੱਗੇਗਾ।
ਤੇਜਸ ਐਕਸਪ੍ਰੈੱਸ ਵਿੱਚ ਲੱਗਣ ਵਾਲਾ ਏਟੀਐੱਮ ਜੀਪੀਐੱਸ ਆਧਾਰਤ ਹੋਵੇਗਾ। ਇੰਝ ਏਟੀਐੱਮ ਜ਼ਿਆਦਾਤਰ ਸਮਾਂ ਨੈੱਟਵਰਕ ਕਵਰੇਜ ’ਚ ਰਹੇਗਾ। ਇਸ ਲਈ ਯਾਤਰੀਆਂ ਤੋਂ ਕੋਈ ਵਾਧੂ ਵਸੂਲੀ ਨਹੀਂ ਕੀਤੀ ਜਾਵੇਗੀ।
ਰੇਲ–ਗੱਡੀ ਵਿੱਚ ਲੱਗਣ ਵਾਲੇ ਇਨ੍ਹਾਂ ਏਟੀਐੱਮਜ਼ ਦੀ ਰਾਖੀ ਲਈ ਬਾਕਾਇਦਾ ਗਾਰਡ ਤਾਇਨਾਤ ਹੋਣਗੇ। ਹਾਲੇ ਬੈਂਕ ਅਤੇ IRCTC ਵਿਚਾਲੇ ਕੁਝ ਕਾਗਜ਼ੀ ਤੇ ਰਸਮੀ ਕਾਰਵਾਈਆਂ ਹੋਣੀਆਂ ਬਾਕੀ ਹਨ। ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਚਾਰ ਅਕਤੂਬਰ ਨੂੰ ਰੇਲ–ਗੱਡੀ ਵਿੱਚ ਪਹਿਲੇ ਏਟੀਐੱਮ ਦਾ ਉਦਘਾਟਨ ਕਰ ਦਿੱਤਾ ਜਾਵੇਗਾ।