ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹੀਨ ਬਾਗ 'ਚ ਭੀੜ ਨੇ ਦੀਪਕ ਚੌਰਸੀਆ 'ਤੇ ਕੀਤਾ ਹਮਲਾ, ਮਾਮਲਾ ਦਰਜ

ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਐਨਆਰਸੀ ਵਿਰੁੱਧ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਰੋਸ ਪ੍ਰਦਰਸ਼ਨ ਹੋ ਰਿਹਾ ਹੈ। ਵੱਡੀ ਗਿਣਤੀ 'ਚ ਮੁਸਲਿਮ ਔਰਤਾਂ ਇਸ ਕਾਨੂੰਨ ਦੇ ਵਿਰੋਧ 'ਚ ਧਰਨੇ 'ਤੇ ਬੈਠੀਆਂ ਹਨ ਅਤੇ ਉਹ ਸਰਕਾਰ ਤੋਂ ਮੰਗ ਕਰ ਰਹੀਆਂ ਹਨ ਕਿ ਸੀਏਏ ਨੂੰ ਵਾਪਸ ਲਿਆ ਜਾਵੇ। ਇਸ ਪ੍ਰਦਰਸ਼ਨ ਦੀ ਇੱਕ ਟੀਵੀ ਚੈਨਲ ਦੇ ਸੀਨੀਅਰ ਪੱਤਰਕਾਰ ਦੀਪਕ ਚੌਰਸੀਆ ਵੀ ਰਿਪੋਰਟਿੰਗ ਕਰਨ ਪਹੁੰਚੇ ਸਨ। ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਅਤੇ ਕੈਮਰਾਮੈਨ 'ਤੇ ਹਮਲਾ ਕਰ ਦਿੱਤਾ ਅਤੇ ਕੈਮਰੇ ਤੋੜ ਦਿੱਤੇ। ਪੁਲਿਸ ਨੇ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ।
 

 

ਦੀਪਕ ਚੌਰਸੀਆ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਰਿਪੋਰਟਿੰਗ ਕਰਨੀ ਸ਼ੁਰੂ ਕੀਤੀ ਤਾਂ ਕੁਝ ਲੋਕ ਉਨ੍ਹਾਂ ਕੋਲ ਆਏ ਅਤੇ ਗਲਤ ਵਿਵਹਾਰ ਕਰਨ ਲੱਗੇ। ਇਸ ਤੋਂ ਬਾਅਦ ਜਦੋਂ ਕੈਮਰਾਮੈਨ ਨੇ ਇਸ ਘਟਨਾ ਨੂੰ ਰਿਕਾਰਡ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਕੈਮਰਾਮੈਨ 'ਤੇ ਵੀ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕੈਮਰਾ ਖੋਹ ਲਿਆ ਅਤੇ ਉਸ ਨੂੰ ਤੋੜ ਦਿੱਤਾ। ਦੋਸ਼ ਹੈ ਕਿ ਭੀੜ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਦੀਪਕ ਚੌਰਸੀਆ ਨੇ ਉਨ੍ਹਾਂ 'ਤੇ ਹੋਏ ਹਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ।
 

ਦੱਖਣ-ਪੂਰਬ ਦੇ ਡੀਐਸਪੀ ਚਿੰਨਮਯ ਬਿਸ਼ਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੀਨੀਅਰ ਪੱਤਰਕਾਰ ਦੀ ਸ਼ਿਕਾਇਤ ਮਿਲੀ ਹੈ। ਸਨਿੱਚਰਵਾਰ ਨੂੰ ਪੁਲਿਸ ਨੇ ਇਸ ਮਾਮਲੇ 'ਚ ਐਫਆਈਆਰ ਦਰਜ ਕਰ ਲਈ ਹੈ। ਸੀਨੀਅਰ ਪੱਤਰਕਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਲਿਖਿਆ, "ਸੁਣ ਰਹੇ ਹਾਂ ਕਿ ਸੰਵਿਧਾਨ ਖਤਰੇ 'ਚ ਹੈ, ਸੁਣ ਰਹੇ ਹਾਂ ਕਿ ਲੜਾਈ ਲੋਕਤੰਤਰ ਨੂੰ ਬਚਾਉਣ ਦੀ ਹੈ। ਜਦੋਂ ਮੈਂ ਸ਼ਾਹੀਨ ਬਾਗ ਦੀ ਉਸੇ ਆਵਾਜ਼ ਨੂੰ ਦੇਸ਼ ਨੂੰ ਵਿਖਾਉਣ ਗਿਆ ਤਾਂ ਉੱਥੇ ਮਾਬ ਲਿੰਚਿੰਗ ਤੋਂ ਕੁੱਝ ਘੱਟ ਨਹੀਂ ਮਿਲਿਆ।" ਇਸ ਵੀਡੀਓ 'ਚ ਭੀੜ ਦੀਪਕ ਚੌਰਸੀਆ ਦੇ ਹੱਥ 'ਚੋਂ ਮਾਈਕ ਖੋਹਣ ਦੀ ਕੋਸ਼ਿਸ਼ ਕਰਦੀ ਵਿਖਾਈ ਦੇ ਰਹੀ ਹੈ।
 

ਜ਼ਿਕਰਯੋਗ ਹੈ ਕਿ ਸ਼ਾਹੀਨ ਬਾਗ 'ਚ ਬੀਤੀ 15 ਦਸੰਬਰ ਤੋਂ ਵੱਡੀ ਗਿਣਤੀ 'ਚ ਮੁਸਲਿਮ ਔਰਤਾਂ ਧਰਨੇ 'ਤੇ ਬੈਠੀਆਂ ਹਨ। ਇਹ ਔਰਤਾਂ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦਾ ਲਗਾਤਾਰ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਉਨ੍ਹਾਂ ਨਾਲ ਪੱਖਪਾਤ ਕਰਦਾ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ। ਹਾਲਾਂਕਿ ਅਮਿਤ ਸ਼ਾਹ ਨੇ ਹਾਲ ਹੀ 'ਚ ਕਿਹਾ ਸੀ ਕਿ ਸਰਕਾਰ ਇਸ ਮੁੱਦੇ 'ਤੇ ਪਿੱਛੇ ਨਹੀਂ ਹਟੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Attack On Journalist Deepak Chaurasia at Shaheen Bagh by people protesting against the CAA