ਅਯੁੱਧਿਆ ਵਿਵਾਦ ਦੀ 26ਵੇਂ ਦਿਨ ਦੀ ਸੁਣਵਾਈ ਵਿਚ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਮਾਮਲੇ ਨਾਲ ਜੁੜੀਆਂ ਸਾਰੀਆਂ ਪਾਰਟੀ ਤੋਂ 18 ਅਕਤੂਬਰ ਤੱਕ ਆਪਣੀ ਬਹਿਸ ਪੂਰੀ ਕਰਨ ਨੂੰ ਕਿਹਾ ਹੈ। ਜਿਸ ਦੇ ਬਾਅਦ ਸੁੰਨੀ ਵਕਫ ਬੋਰਡ ਨੇ ਬਹਿਸ ਲਈ ਅਗਲੇ ਹਫਤੇ ਤੱਕ ਦਾ ਸਮਾਂ ਮੰਗਿਆ, ਜਦੋਂ ਕਿ ਨਿਰਮੋਹੀ ਅਖਾੜੇ ਨੂੰ ਆਪਣੀ ਦਲੀਲ ਰੱਖਣ ਲਈ ਕਿੰਨਾ ਸਮਾਂ ਚਾਹੀਦਾ, ਇਸ ਬਾਰੇ ਉਨ੍ਹਾਂ ਅਦਾਲਤ ਨੂੰ ਜਾਣਕਾਰੀ ਨਹੀਂ ਦਿੱਤੀ। ਰਾਮਲਾਲ ਪੱਖ ਨੇ ਕਿਹਾ ਕਿ ਉਹ ਇਸ ਬਾਰੇ ਦੋ ਦਿਨ ਵਿਚ ਆਪਣਾ ਜਵਾਬ ਅਦਾਲਤ ਵਿਚ ਦੇਣਗੇ।
ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਬਹਿਸ ਨੂੰ ਤੈਅ ਸਮੇਂ ਉਤੇ ਖਤਮ ਕਰਨ ਲਈ ਜੇਕਰ ਜ਼ਰੂਰਤ ਪਈ ਤਾਂ ਸ਼ਨੀਵਾਰ ਨੂੰ ਵੀ ਸੁਣਵਾਈ ਕਰਾਂਗੇ। ਐਨਾ ਹੀ ਨਹੀਂ, ਉਨ੍ਹਾਂ ਹਰ ਰੋਜ ਇਕ ਘੰਟਾ ਜ਼ਿਆਦਾ ਦੇਣ ਦੀ ਗੱਲ ਵੀ ਕਹੀ।
ਸਬੰਧਤ ਪਾਰਟੀਆਂ ਚਾਹੇ ਤਾਂ ਵਿਚੋਲਗੀ ਰਾਹੀਂ ਮਾਮਲਾ ਹੱਲ ਕਰ ਸਕਦੇ ਹਨ : ਅਦਾਲਤ
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਰਾਮ ਜਨਮ ਭੂਮੀ ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ਨਾਲ ਸਬੰਧਤ ਪੱਖ ਜੇਕਰ ਇਸ ਨੂੰ ਵਿਚੋਲਗੀ ਰਾਹੀਂ ਹੱਲ ਕਰਨ ਚਾਹੁੰਣ ਤਾਂ ਉਹ ਹੁਣ ਵੀ ਇਸ ਨੂੰ ਹੱਲ ਕਰ ਸਕਦੇ ਹਨ।
ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੇ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਕਿਹਾ ਕਿ ਉਸ ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਐਫ ਐਮ ਆਈ ਕਲੀਫੁਲਾ ਦਾ ਪੱਤਰ ਮਿਲਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਕੁਝ ਪੱਖਾਂ ਨੇ ਉਨ੍ਹਾਂ ਨੂੰ ਵਿਚੋਲਗੀ ਪ੍ਰਕਿਰਿਆ ਮੁੜ ਸ਼ੁਰੂ ਕਰਨ ਲਈ ਪੱਤਰ ਲਿਖਿਆ ਹੈ। ਕਲੀਫੁਲਾ ਨੇ ਮਾਮਲੇ ਵਿਚ ਤਿੰਨ ਮੈਂਬਰ ਵਿਚੋਲਗੀ ਪੈਨਲ ਦੀ ਅਗਵਾਈ ਕੀਤੀ ਸੀ।
ਬੈਂਚ ਨੇ ਕਿਹਾ ਕਿ ਭੂਮੀ ਵਿਵਾਦ ਮਾਮਲੇ ਵਿਚ ਰੋਜ਼ਾਨਾ ਦੇ ਆਧਾਰ ਉਤੇ ਕਾਰਵਾਈ ਬਹੁਤ ਅੱਗੇ ਪਹੁੰਚ ਗਈ ਹੈ ਅਤੇ ਇਹ ਜਾਰੀ ਰਹੇਗੀ। ਹਾਲਾਂਕਿ ਅਦਾਲਤ ਨੇ ਕਿਹਾ ਕਿ ਜੱਜ ਕਲੀਫੁਲਾ ਦੀ ਅਗਵਾਈ ਵਿਚ ਵਿਚੋਲਗੀ ਪ੍ਰਕਿਰਿਆ ਹੁਣ ਵੀ ਜਾਰੀ ਰਹਿ ਸਕਦੀ ਹੈ ਅਤੇ ਉਸਦੀ ਕਾਰਵਾਈ ਗੁਪਤ ਰੱਖੀ ਜਾਵੇਗੀ।