ਰਾਮ ਜਨਮ–ਭੂਮੀ ਕੈਂਪਸ ’ਚ ਬਿਰਾਜਮਾਨ ਰਾਮਲਲਾ ਦੇ ਸਥਾਨ–ਪਰਿਵਰਤਨ ਲਈ ਤਿਆਰ ਕੀਤੇ ਗਏ ਅਸਥਾਈ ਮੰਦਰ ਦੇ ਢਾਂਚੇ ਦਾ ਭੇਤ ਐਤਵਾਰ ਨੂੰ ਜੱਗ–ਜ਼ਾਹਿਰ ਹੋ ਗਿਆ। ਹੁਣ ਤੱਕ ਇਸ ਅਸਥਾਈ ਢਾਂਚੇ ਨੂੰ ਫ਼ਾਈਬਰ ਦਾ ਬਣਿਆ ਦੱਸਿਆ ਜਾ ਰਿਹਾ ਸੀ; ਜਦ ਕਿ ਇਹ ਅਸਲ ’ਚ ਜਰਮਨ ਲੱਕੜੀ ਦਾ ਹੈ ਪਰ ਦਿਸਦਾ ਫ਼ਾਈਬਰ ਵਰਗਾ ਹੈ।
ਇਸ ਸਬੰਧੀ ਜਾਣਕਾਰੀ ‘ਹਿੰਦੁਸਤਾਨ’ ਨੂੰ ਰਾਮ ਜਨਮ–ਭੂਮੀ ਤੀਰਥ ਟ੍ਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਫ਼ੋਨ ’ਤੇ ਦਿੱਤੀ। ਦੱਸਿਆ ਗਿਆ ਹੈ ਕਿ ਇਸ ਢਾਂਚੇ ਦਾ ਨਿਰਮਾਣ ਸੁਰੱਖਿਆ ਪੱਖੋਂ ਗ੍ਰਹਿ ਵਿਭਾਗ ਨੇ ਕਰਵਾਇਆ ਹੈ। ਇਹ ਢਾਂਚਾ ਪੂਰੀ ਤਰ੍ਹਾਂ ਬੁਲੇਟ–ਪਰੂਫ਼ ਹੈ।
ਇਸ ਢਾਂਚੇ ਦੇ ਸਾਹਮਣੇ ਸ਼ਟਰ ਵਾਲਾ ਬੁਲੇਟ–ਪਰੂਫ਼ ਸ਼ੀਸ਼ਾ ਲਾਇਆ ਜਾਵੇਗਾ। ਇਸ ਦੀ ਛੱਤ 24 ਫ਼ੁੱਟ ਉੱਚੀ ਤੇ ਪਲੇਟਫ਼ਾਰਮ 24 ਗੁਣਾ 17 ਫ਼ੁੱਟ ਦਾ ਬਣਾਇਆ ਗਿਆ ਹੈ। ਇਸ ਢਾਂਚੇ ਨੂੰ ਖੜ੍ਹਾ ਕਰਨ ਲਈ ਪਲੇਟਫ਼ਾਰ ਦੇ ਤਿੰਨ ਪਾਸੇ ਲੋਹੇ ਦੀ ਜਾਲ਼ੀ ਲਾਈ ਗਈ ਹੈ। ਢਾਂਚੇ ਨੂੰ ਅਸੈਂਬਲ ਕਰਨ ਲਈ ਜ਼ਮੀਨਦੋਜ਼ ਇਲੈਕਟ੍ਰੀਫ਼ਿਕੇਸ਼ਨ ਵੀ ਕਰਵਾਈ ਜਾ ਰਹੀ ਹੈ, ਇੱਥੇ ਵੀ ਏਅਰ–ਕੰਡੀਸ਼ਨਰ ਵੀ ਲੱਗਣਾ ਹੈ।
ਸ਼ਰਧਾਲੂਆਂ ਲਈ ਬਣਾਏ ਜਾ ਰਹੇ ਗੈਂਗ–ਵੇਅ ’ਚ ਵੀ ਲੋਹੇ ਦੀਆਂ ਜਾਲ਼ੀਆਂ ਲਾਈਆਂ ਜਾ ਰਹੀਆਂ ਹਨ ਤੇ ਫ਼ਰਸ਼ ਉੱਤੇ ਟਾਈਲਾਂ ਲੱਗਣੀਆਂ ਹਨ। ਫ਼ਿਲਹਾਲ ਇਸ ਢਾਂਚੇ ਦੀ ਅਸੈਂਬਲਿੰਗ ਦੀ ਸਮੁੱਚੀ ਪ੍ਰਕਿਰਿਆ ਉੱਤਰ ਪ੍ਰਦੇਸ਼ ਦੇ ਅਪਰ ਮੁੱਖ ਸਕੱਤਰ (ਗ੍ਰਹਿ) ਦੇ OSD ਅਸ਼ੋਕ ਕੁਮਾਰ ਸਿੰਘ ਦੀ ਨਿਗਰਾਨੀ ਹੇਠ ਮੁਕੰਮਲ ਕੀਤੀ ਜਾ ਰਹੀ ਹੈ।
ਰਾਮ ਜਨਮ–ਭੂਮੀ ਤੀਰਥ–ਖੇਤਰ ਟ੍ਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਦੂਜੇ ਟ੍ਰੱਸਟੀ ਅਤੇ ਸੰਘ ਦੇ ਅਵਧ ਸੂਬੇ ਦੇ ਕਾਰਜਵਾਹਕ ਡਾ. ਅਨਿਲ ਮਿਸ਼ਰ ਬੈਂਗਲੁਰੂ ਤੋਂ ਪਰਤ ਆਏ ਹਨ। ਟ੍ਰੱਸਟ ਦੇ ਦੋਵੇਂ ਅਹੁਦੇਦਾਰ ਬੈਂਗਲੁਰੂ ਸਥਿਤ ਚੇਤਨਹੱਲੀ ਨਾਂਅ ਦੇ ਸਥਾਨ ਉੱਤੇ ਰਾਸ਼ਟਰੀ ਸਵੈਮ–ਸੇਵਕ ਸੰਘ ਦੀ ਕੁੱਲ ਹਿੰਦ ਪ੍ਰਤੀਨਿਧ ਸਭਾ ਦੀ ਤਿੰਨ–ਦਿਨਾ ਮੀਟਿੰਗ ’ਚ ਹਿੱਸਾ ਲੈਣ ਲਈ ਗਏ ਸਨ।
ਪਰ ਉਹ ਮੀਟਿੰਗ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤੀ ਗਈ। ਸ੍ਰੀ ਰਾਏ ਫ਼ਿਲਹਾਲ ਦਿੱਲੀ ਰੁਕ ਗਏ ਹਨ ਤੇ ਉਹ ਇੱਥੇ 19 ਮਾਰਚ ਨੂੰ ਪਰਤਣਗੇ; ਜਦ ਕਿ ਡਾ. ਮਿਸ਼ਰ ਅਯੁੱਧਿਆ ਪੁੱਜ ਗਏ ਹਨ।