ਉੱਤਰ ਪ੍ਰਦੇਸ਼ ਪੁਲਿਸ ਨੇ ਅੱਜ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਾਂਸਦ ਆਜ਼ਮ ਖ਼ਾਨ (Azam Khan) ਦੀ ਜੌਹਰ ਯੂਨੀਵਰਸਿਟੀ (Jauhar University) ਉੱਤੇ ਅੱਜ ਛਾਪਾ ਮਾਰਿਆ। ਇਸ ਛਾਪੇਮਾਰੀ ਵਿੱਚ ਚੋਰੀ ਦੀਆਂ ਦੋ ਸੌ ਤੋਂ ਵੱਧ ਕਿਤਾਬਾਂ ਬਰਾਮਦ ਹੋਈਆਂ ਹਨ।
ਪੁਲਿਸ ਨੇ ਦੱਸਿਆ ਕਿ ਮਰਦਸਾ ਤੋਂ ਚੋਰੀ ਹੋਈਆਂ ਕਿਤਾਬਾਂ ਮੁਮਤਾਜ਼ ਕੇਂਦਰੀ ਲਾਇਬ੍ਰੇਰੀ ਤੋਂ ਮਿਲੀਆਂ। ਇਸ ਮਾਮਲੇ ਵਿੱਚ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਉੱਤੇ ਮਹਿਲਾ ਸਣੇ ਪੰਜ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਅਚਾਨਕ ਹੋਈ ਪੁਲਿਸ ਦੀ ਇਸ ਕਾਰਵਾਈ ਨਾਲ ਖਲਬਲੀ ਮੱਚ ਗਈ। 26 ਕਿਸਾਨਾਂ ਨੇ ਜੌਹਰ ਯੂਨੀਵਰਸਿਟੀ ਦੇ ਚਾਂਸਲਰ ਆਜ਼ਮ ਖ਼ਾਨ ’ਤੇ ਆਪਣੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਯੂ ਪੀ ਸਰਕਾਰ ਉਸ ਦੇ ਖ਼ਿਲਾਫ਼ ਸਖ਼ਤ ਹੋਈ ਹੈ।
ਇਸ ਮਾਮਲੇ ਵਿੱਚ ਆਲੀਆ ਗੰਜ ਦੇ 26 ਲੋਕਾਂ ਨੇ ਹਲਫੀਆ ਬਿਆਨ ਦਿੱਤੇ ਕਿ ਆਜ਼ਮ ਖ਼ਾਨ ਅਤੇ ਆਲੇ-ਹਸਨ ਨੇ 14 ਸਾਲ ਪਹਿਲਾਂ ਧਮਕਾ ਕੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਰਜਿਸਟਰੀ ਕਰਵਾ ਲਈ। ਉਨ੍ਹਾਂ ਦੀ ਜ਼ਮੀਨ ਜੌਹਰ ਯੂਨੀਵਰਸਿਟੀ ਕੈਂਪਸ ਵਿੱਚ ਹੈ।