ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਦੇ ਪਿੰਡ ਡੌਂਡੀਆ ਖੇੜਾ 'ਚ 1000 ਟਨ ਸੋਨੇ ਦੇ ਭੰਡਾਰ ਦੀ ਭਵਿੱਖਬਾਣੀ ਕਰਨ ਵਾਲੇ ਬਾਬਾ ਸ਼ੋਭਨ ਸਰਕਾਰ ਦਾ ਦੇਹਾਂਤ ਹੋ ਗਿਆ। ਬਾਬਾ ਸ਼ੋਭਨ ਸਰਕਾਰ ਨੇ ਬੁੱਧਵਾਰ ਸਵੇਰੇ 5 ਵਜੇ ਆਪਣੇ ਆਸ਼ਰਮ ਦੇ ਅਰੋਗਿਆ ਧਾਮ ਹਸਪਤਾਲ 'ਚ ਅੰਤਮ ਸਾਹ ਲਏ। ਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਇਲਾਕੇ 'ਚ ਫੈਲੀ ਤਾਂ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਲੋਕਾਂ ਦੀ ਭੀੜ ਕੋਰੋਨਾ ਵਾਇਰਸ ਦਾ ਖੌਫ਼ ਭੁੱਲ ਗਈ ਅਤੇ ਲੌਕਡਾਊਨ ਦੀ ਪਰਵਾਹ ਕੀਤੇ ਬਗੈਰ ਆਸ਼ਰਮ ਵੱਲ ਉਮੜ ਪਈ।
ਦੱਸ ਦੇਈਏ ਕਿ ਸਾਲ 2013 'ਚ ਸ਼ੋਭਨ ਸਰਕਾਰ ਨੇ ਉਨਾਵ ਜ਼ਿਲ੍ਹੇ ਦੇ ਪਿੰਡ ਡੌਂਡੀਆ ਖੇੜਾ 'ਚ ਰਾਜਾ ਰਾਓ ਰਾਮਵਖਸ਼ ਦੇ ਖੰਡਰ ਹੋ ਚੁੱਕੇ ਮਹਿਲ 'ਚ 1000 ਟਨ ਸੋਨੇ ਦੇ ਭੰਡਾਰ ਹੋਣ ਦਾ ਸੁਪਨਾ ਵੇਖਿਆ ਸੀ। ਸੁਤੰਤਰਤਾ ਸੰਗਰਾਮ ਦੌਰਾਨ ਅੰਗਰੇਜ਼ਾਂ ਨੇ ਮਹਿਲ ਉੱਤੇ ਕਬਜ਼ਾ ਕਰ ਲਿਆ ਅਤੇ ਰਾਜਾ ਰਾਓ ਰਾਮਬਖਸ਼ ਨੂੰ ਫਾਂਸੀ ਦੇ ਦਿੱਤੀ ਸੀ। ਉਨ੍ਹਾਂ ਸੂਬਾ ਸਰਕਾਰ ਨੂੰ ਦੱਸਿਆ ਸੀ ਕਿ ਹਜ਼ਾਰਾਂ ਟਨ ਸੋਨਾ ਇਸ ਮਹਿਲ 'ਚ ਧਰਤੀ ਅੰਦਰ ਦਫਨਾਇਆ ਗਿਆ ਹੈ।
ਇਸ ਤੋਂ ਬਾਅਦ ਫਿਰ ਏਐਸਆਈ ਨੇ 18 ਅਕਤੂਬਰ 2013 ਨੂੰ ਰਾਜਾ ਰਾਓ ਰਾਮਬਖਸ਼ ਦੇ ਮਹਿਲ 'ਚ ਖੁਦਾਈ ਸ਼ੁਰੂ ਕਰਵਾਈ। ਜੀਓਲੋਜੀਕਲ ਆਫ਼ ਇੰਡੀਆ ਨੇ 29 ਅਕਤੂਬਰ ਨੂੰ ਏਐਸਆਈ ਨੂੰ ਰਿਪੋਰਟ ਦਿੱਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਮਹਿਲ 'ਚ ਸੋਨੇ, ਚਾਂਦੀ ਜਾਂ ਹੋਰ ਧਾਤ ਦੱਬੀਆਂ ਹੋ ਸਕਦੀਆਂ ਹਨ। ਖੁਦਾਈ ਦਾ ਕੰਮ ਲਗਭਗ ਇੱਕ ਮਹੀਨਾ ਚੱਲਿਆ ਅਤੇ 19 ਨਵੰਬਰ 2013 ਨੂੰ ਖੁਦਾਈ ਦਾ ਕੰਮ ਪੂਰਾ ਹੋਇਆ। ਇਸ ਕੰਮ 'ਚ ਰਾਜ ਸਰਕਾਰ ਵੱਲੋਂ 2.78 ਲੱਖ ਰੁਪਏ ਖਰਚ ਕੀਤੇ ਗਏ, ਪਰ ਸੋਨੇ ਦਾ ਖਜ਼ਾਨਾ ਨਾ ਮਿਲਣ ਕਾਰਨ ਖੁਦਾਈ ਰੋਕ ਦਿੱਤੀ ਗਈ।
ਦੱਸ ਦੇਈਏ ਕਿ ਸ਼ੋਭਨ ਸਰਕਾਰ ਦੇ ਸੁਪਨੇ 'ਤੇ ਅਧਾਰਤ ਖਜ਼ਾਨੇ ਦੀ ਭਾਲ 'ਤੇ ਕੇਂਦਰ ਅਤੇ ਸੂਬਾ ਸਰਕਾਰ ਦੀ ਬਹੁਤ ਬਦਨਾਮੀ ਹੋਈ ਸੀ। ਉਸ ਸਮੇਂ ਦੇ ਵੀਐਚਪੀ ਨੇਤਾ ਅਸ਼ੋਕ ਸਿੰਘਲ ਨੇ ਕਿਹਾ ਸੀ ਕਿ ਇੱਕ ਸਾਧ ਦੇ ਸੁਪਨੇ ਦੇ ਅਧਾਰ 'ਤੇ ਖੁਦਾਈ ਕਰਨਾ ਸਹੀ ਨਹੀਂ ਹੈ। ਉਸੇ ਸਮੇਂ ਖਜ਼ਾਨੇ ਦੇ ਬਹੁਤ ਸਾਰੇ ਦਾਅਵੇਦਾਰ ਵੀ ਸਾਹਮਣੇ ਆ ਗਏ ਸਨ। ਰਾਜਾ ਦੇ ਵੰਸ਼ਜ ਨੇ ਵੀ ਉਨਾਵ 'ਚ ਡੇਰਾ ਲਾਇਆ ਹੋਇਆ ਸੀ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਸੋਨੇ ਦੇ ਖ਼ਜਾਨੇ 'ਤੇ ਆਪਣਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਤਤਕਾਲੀ ਕੇਂਦਰ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਸੋਨੇ 'ਤੇ ਸਿਰਫ਼ ਦੇਸ਼ ਵਾਸੀਆਂ ਦਾ ਅਧਿਕਾਰ ਹੋਵੇਗਾ। ਦੂਜੇ ਪਾਸੇ, ਉਸ ਵੇਲੇ ਦੀ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਕਿਹਾ ਸੀ ਕਿ ਖਜ਼ਾਨੇ ਉੱਤੇ ਸੂਬਾ ਸਰਕਾਰ ਦਾ ਅਧਿਕਾਰ ਹੋਵੇਗਾ।
ਦੱਸ ਦੇਈਏ ਕਿ ਸ਼ੋਭਨ ਸਰਕਾਰ ਦਾ ਅਸਲ ਨਾਂਅ ਮਹੰਤ ਵਿਰਕਤਾ ਨੰਦ ਸੀ। ਉਨ੍ਹਾਂ ਦਾ ਜਨਮ ਕਾਨਪੁਰ ਦਿਹਾਤੀ ਦੇ ਸ਼ਿਵਲੀ 'ਚ ਹੋਇਆ ਸੀ। ਪਿਤਾ ਦਾ ਨਾਂਅ ਪੰਡਤ ਕੈਲਾਸ਼ਨਾਥ ਤਿਵਾੜੀ ਸੀ। ਇਹ ਕਿਹਾ ਜਾਂਦਾ ਹੈ ਕਿ ਸ਼ੋਭਨ ਸਰਕਾਰ 11 ਸਾਲ ਦੀ ਉਮਰ ਵਿੱਚ ਸਾਧ-ਸੰਤਾਂ ਦੀ ਸ਼ਰਣ 'ਚ ਆ ਗਏ ਹਨ। ਸ਼ੋਭਨ ਸਰਕਾਰ ਨੇ ਪਿੰਡ ਦੇ ਲੋਕਾਂ ਲਈ ਕਈ ਲੋਕ ਹਿੱਤਾਂ ਦੇ ਕੰਮ ਕੀਤੇ ਸਨ। ਇਹੀ ਕਾਰਨ ਹੈ ਕਿ ਪਿੰਡ ਵਾਲੇ ਵੀ ਉਨ੍ਹਾਂ ਨੂੰ ਰੱਬ ਦੀ ਤਰ੍ਹਾਂ ਮੰਨਦੇ ਸਨ। ਸਿਰਫ਼ ਕਾਨਪੁਰ ਹੀ ਨਹੀਂ, ਨਾਲ ਲੱਗਦੇ ਬਹੁਤ ਸਾਰੇ ਜ਼ਿਲ੍ਹਿਆਂ 'ਚ ਉਨ੍ਹਾਂ ਦੇ ਸ਼ਰਧਾਲੂ ਹਨ। ਕਾਨਪੁਰ ਨੂੰ ਉਨਾਵ ਨਾਲ ਜੋੜਨ ਵਾਲਾ ਪੁਲ ਬਣਵਾਉਣ ਦਾ ਸਿਹਰਾ ਸ਼ੋਭਨ ਸਰਕਾਰ ਨੂੰ ਜਾਂਦਾ ਹੈ।
ਸਾਲ 2004 'ਚ ਸ਼ੋਭਨ ਸਰਕਾਰ ਨੇ ਕਾਨਪੁਰ ਤੇ ਉਨਾਵ ਵਿਚਕਾਰ ਇੱਕ ਨਵਾਂ ਪੁਲ ਬਣਾਉਣ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਉਨ੍ਹਾਂ ਦੀ ਮੰਗ ਨੂੰ ਨਹੀਂ ਮੰਨਿਆ। ਇਸ 'ਤੇ ਸ਼ੋਭਨ ਸਰਕਾਰ ਨੇ ਸ਼ਰਧਾਲੂਆਂ ਦੀਆਂ ਭੇਟਾਂ ਨਾਲ ਇੱਕ ਪੁਲ ਬਣਾਉਣ ਦਾ ਫ਼ੈਸਲਾ ਕੀਤਾ। ਸ਼ੋਭਨ ਸਰਕਾਰ ਨੇ ਵੇਖਦੇ ਹੀ ਵੇਖਦੇ ਕਈ ਟਰੱਕ ਸਮੱਗਰੀ ਖਰੀਦ ਲਈ। ਜਦੋਂ ਇਹ ਮਾਮਲਾ ਸਰਕਾਰ ਕੋਲ ਪਹੁੰਚਿਆ ਤਾਂ ਸਰਕਾਰ ਨੇ ਪੁਲ ਬਣਾਉਣ ਦੀ ਘੋਸ਼ਣਾ ਕੀਤੀ। ਬਾਅਦ 'ਚ ਸ਼ੋਭਨ ਸਰਕਾਰ ਨੇ ਉਸ ਰਕਮ ਨਾਲ ਨੇੜੇ ਸਥਿੱਤ ਪ੍ਰਸਿੱਧ ਦੇਵੀ ਮੰਦਰ ਚੰਦਰਿਕਾਦੇਵੀ ਦਾ ਨਵੀਨੀਕਰਨ ਕਰਵਾਇਆ ਅਤੇ ਉੱਥੇ ਇੱਕ ਨਵਾਂ ਆਸ਼ਰਮ ਵੀ ਸਥਾਪਤ ਕੀਤਾ।