ਬੀਤੇ ਕੱਲ੍ਹ ਸ਼ੁੱਕਰਵਾਰ ਨੂੰ ਕੇਂਦਰੀ ਫ਼ੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਦੂਜੀ ਵਾਰ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਕੀਤੀ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਪਤੀ ਪਹਿਲਾਂ ਕਦੇ ਵੀ ਇਕੱਠੇ ਵਿਧਾਨ ਸਭਾ ਜਾਂ ਸੰਸਦ ਵਿੱਚ ਨਹੀਂ ਜਾ ਸਕੇ। ਪਰ ਇਸ ਵਾਰ ਇਹ ਜੋੜੀ 17ਵੀਂ ਲੋਕ ਸਭਾ ’ਚ ਕਈ ਵਾਰ ਇਕੱਠੀ ਸੰਸਦ ਵਿੱਚ ਵੇਖਣ ਨੂੰ ਮਿਲੇਗੀ। ਆਉਂਦੀ 17 ਜੂਨ ਨੂੰ ਹੀ ਇਹ ਸੰਭਵ ਹੋਵੇਗਾ।
ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਇਸ ਵਾਰ ਚਾਹੁੰਦੇ ਸਨ ਕਿ ਸੁਖਬੀਰ ਬਾਦਲ ਕੇਂਦਰ ਵਿੱਚ ਮੰਤਰੀ ਬਣਨ ਪਰ ਉਨ੍ਹਾਂ ਦਾ ਧਿਆਨ ਇਸ ਵੇਲੇ ਪੂਰੀ ਤਰ੍ਹਾਂ ਪਾਰਟੀ ’ਤੇ ਹੀ ਕੇਂਦ੍ਰਿਤ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਹੁਤ ਸਮਝਾਇਆ ਤੇ ਕੇਂਦਰੀ ਕੈਬਿਨੇਟ ਦਾ ਐਲਾਨ ਹੋਣ ਥੋੜ੍ਹਾ ਸਮਾਂ ਪਹਿਲਾਂ ਤੱਕ ਵੀ ‘ਮੈਂ ਸੁਖਬੀਰ ਬਾਦਲ ਹੁਰਾਂ ਨੂੰ ਰਾਜ਼ੀ ਕਰਨ ਦੇ ਜਤਨ ਕੀਤੇ। ਪਰ ਅਖ਼ੀਰ ਪਾਰਟੀ ਨੇ ਫ਼ੈਸਲਾ ਲਿਆ ਤੇ ਮੈਂ ਉਸ ਫ਼ੈਸਲੇ ਦੀ ਕਦਰ ਕਰਦੀ ਹਾਂ।’
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸੁਆਲਾਂ ਦਾ ਜੁਆਬ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਾਰੇ ਹੀ ਮੋਰਚਿਆਂ ਉੱਤੇ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਤਾਕਤ ਦੇ ਬਲ ’ਤੇ ਅਤੇ ਵਿਰੋਧੀ ਧਿਰ ਦੇ ਆਗੂਆਂ ਖਿ਼ਲਾਫ਼ ਕੇਸ ਦਾਇਰ ਕਰ ਕੇ ਹੀ ਚੋਣਾਂ ਜਿੱਤੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਅੱਠ ਸੀਟਾਂ ਜਿੱਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੋ ਸੀਟਾਂ ਜਿੱਤਿਆ ਹੈ ਪਰ ਅਕਾਲੀ ਦਲ ਦਾ ਵੋਟ–ਹਿੱਸਾ 7 ਫ਼ੀ ਸਦੀ ਵਧਿਆ ਹੈ, ਜਦ ਕਿ ਕਾਂਗਰਸ ਦਾ ਵੋਟ–ਹਿੱਸਾ ਸਿਰਫ਼ 1.5 ਫ਼ੀ ਸਦੀ ਵਧਿਆ ਹੈ।