ਬਾਕਰਵਾਲ ਕਾਰਕੁੰਨ ਤਾਲਿਬ ਹੁਸੈਨ `ਤੇ ਇੱਕ ਵਿਆਹੀ ਔਰਤ ਨਾਲ ਬਲਾਤਕਾਰ ਦਾ ਦੋਸ਼ ਲੱਗ ਗਿਆ ਹੈ; ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੱਜ ਸਾਂਬਾ ਦੀ ਇੱਕ ਅਦਾਲਤ ਨੇ ਤਾਲਿਬ ਹੁਸੈਨ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ `ਤੇ ਭੇਜ ਦਿੱਤਾ ਹੈ।
ਇੱਥੇ ਵਰਨਣਯੋਗ ਹੈ ਕਿ ਇਹ ਤਾਲਿਬ ਹੁਸੈਨ ਹੀ ਸੀ, ਜਿਸ ਨੇ ਕਠੂਆ ਦੀ ਅੱਠ ਸਾਲਾ ਬੱਚੀ ਨਾਲ ਬਲਾਤਕਾਰ ਤੇ ਬਾਅਦ `ਚ ਉਸ ਨੂੰ ਕਤਲ ਕਰਨ ਵਾਲੇ ਕਾਂਡ ਦਾ ਮਾਮਲਾ ਪੂਰੇ ਜ਼ੋਰ-ਸ਼ੋਰ ਨਾਲ ਉਠਾਇਆ ਸੀ।
ਤਾਲਿਬ ਹੁਸੈਨ ਨੂੰ ਕਸ਼ਮੀਰ ਦੇ ਪੁਲਵਾਮਾ ਜਿ਼ਲ੍ਹੇ ਦੇ ਤ੍ਰਾਲ ਤੋਂ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਉਸ ਨੇ ਡੇਢ ਮਹੀਨਾ ਪਹਿਲਾਂ ਊਧਮਪੁਰ ਜਿ਼ਲ੍ਹੇ ਦੇ ਇੱਕ ਜੰਗਲ `ਚ ਇੱਕ ਵਿਆਹੀ ਔਰਤ ਨਾਲ ਕਥਿਤ ਤੌਰ `ਤੇ ਬਲਾਤਕਾਰ ਕੀਤਾ ਸੀ। ਪੀੜਤ ਔਰਤ ਇੱਕ ਵਕੀਲ ਦੀ ਰਿਸ਼ਤੇਦਾਰ ਹੈ।
ਸਾਂਬਾ ਦੇ ਐੱਸਐੱਚਓ ਚੰਚਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਚਾਰ ਦਿਨਾਂ ਲਈ ਪੁਲਿਸ ਰਿਮਾਂਡ `ਚ ਭੇਜ ਦਿੱਤਾ ਹੈ।
ਇਸ ਦੌਰਾਨ ਪੀੜਤ ਨੇ ਵੀ ਆਪਣਾ ਬਿਆਨ ਜੱਜ ਸਾਹਵੇਂ ਰਿਕਾਰਡ ਕਰਵਾ ਦਿੱਤਾ ਹੈ।
ਐੱਫ਼ਆਈਆਰ ਅਨੁਸਾਰ 30 ਸਾਲਾ ਔਰਤ ਊਧਮਪੁਰ ਜਿ਼ਲ੍ਹੇ ਦੀ ਮਜਾਲਤਾ ਤਹਿਸੀਲ ਦੇ ਪਿੰਡ ਚਾਡਵਾ ਮਾਨਸਰ ਦੀ ਵਸਨੀਕ ਹੈ। ਉਹ ਜਦੋਂ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਚਾਡਵਾ ਦੇ ਜੰਗਲਾਂ ਵੱਲ ਗਈ ਸੀ ਤੇ ਉੱਥੇ ਮਜਾਲਤਾ ਦੇ ਪਿੰਡ ਕਾਕਰੇਈ ਦੇ ਨਿਵਾਸੀ ਤਾਲਿਬ ਹੁਸੈਨ ਨੇ ਉਸ ਨਾਲ ਕਥਿਤ ਤੌਰ `ਤੇ ਬਲਾਤਕਾਰ ਕੀਤਾ।
ਇੱਥੇ ਵਰਨਣਯੋਗ ਹੈ ਕਿ ਕਠੂਆ ਬਲਾਤਕਾਰ ਕਾਂਡ ਦੀ ਮ੍ਰਿਤਕ ਬੱਚੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਤਾਲਿਬ ਹੁਸੈਨ ਤੱਕ ਲੋਕਾਂ ਨੇ ਦਾਨ ਦਾ ਅਥਾਹ ਧਨ ਪਹੁੰਚਾਇਆ ਹੈ।
ਕੁਝ ਸਮਾਂ ਪਹਿਲਾਂ ਤਾਲਿਬ ਹੁਸੈਨ ਦੀ ਪਤਨੀ ਨੁਸਰਤ ਨੇ ਵੀ ਸਾਂਬਾ ਪੁਲਿਸ ਥਾਣੇ ਤੱਕ ਪਹੁੰਚ ਕਰ ਕੇ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਹੈ ਤੇ ਨਾਲ ਹੀ ਦਹੇਜ ਦੀ ਮੰਗ ਵੀ ਕਰ ਰਿਹਾ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਤਾਲਿਬ ਨਾ ਉਸ `ਤੇ ਤਸ਼ੱਦਦ ਢਾਹੁੰਦਾ ਹੈ, ਉਹ ਆਪਣੀਆਂ ਦੋ ਧੀਆਂ ਨੂੰ ਵੀ ਨਹੀਂ ਬਖ਼ਸ਼ਦਾ। ਉਸ ਨੇ ਦੋਸ਼ ਲਾਇਆ ਸੀ ਕਿ ਤਾਲਿਬ ਹੁਸੈਨ ਨੇ ਉਸ ਦੇ ਪਿਤਾ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ।