ਭਾਰਤ-ਬੰਗਲਾਦੇਸ਼ ਸਰਹੱਦ 'ਤੇ ਬੰਗਲਾਦੇਸ਼ ਦੀਆਂ ਫੌਜਾਂ ਨੇ ਵੀਰਵਾਰ ਨੂੰ ਏਕੇ-47 ਰਾਈਫਲ ਨਾਲ ਬੀਐਸਐਫ ਦੇ ਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਚ ਇੱਕ ਬੀਐਸਐਫ ਦਾ ਜਵਾਨ ਸ਼ਹੀਦ ਹੋ ਗਿਆ ਹੈ ਜਦਕਿ ਇੱਕ ਜ਼ਖਮੀ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਸਵੇਰੇ 9 ਵਜੇ ਮੁਰਸ਼ੀਦਾਬਾਦ ਜ਼ਿਲੇ ਦੇ ਕਕਮਾਰੀਛੜ ਸਰਹੱਦ ਦੀ ਹੈ।
ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਵਲੋਂ ਕੀਤੀ ਗਈ ਇਸ ਹਰਕਤ ਕਾਰਨ ਦੋਨਾਂ ਦੇਸ਼ਾਂ ਵਿਚਾਲੇ ਤਣਾਅ ਅਚਾਨਕ ਵਧ ਗਿਆ ਹੈ। ਬੀਐਸਐਫ ਦੇ ਮੁਖੀ ਵੀ.ਕੇ. ਜੋਹਰੀ ਨੇ ਹਾਟਲਾਈਨ 'ਤੇ ਆਪਣੇ ਹਮਰੁਤਬਾ ਮੇਜਰ ਜਨਰਲ ਸ਼ਫੀਨੁਲ ਇਸਲਾਮ ਨਾਲ ਗੱਲਬਾਤ ਕੀਤੀ ਹੈ। ਸੂਤਰਾਂ ਅਨੁਸਾਰ ਬੀਜੀਬੀ ਦੇ ਡਾਇਰੈਕਟਰ ਜਨਰਲ ਨੇ ਮਾਮਲੇ ਦੀ ਪੂਰੀ ਜਾਂਚ ਕਰਵਾਉਣ ਦਾ ਭਰੋਸਾ ਜਤਾਇਆ ਹੈ।
ਭਾਰਤੀ ਮਛੇਰਿਆਂ ਨਾਲ ਜੁੜੇ ਮਸਲੇ ਦੇ ਹੱਲ ਲਈ ਬੀਐਸਐਫ ਦੇ ਜਵਾਨ ਕਿਸ਼ਤੀ ਰਾਹੀਂ ਬੀਜੀਬੀ ਦੇ ਜਵਾਨਾਂ ਨਾਲ ਗੱਲਬਾਤ ਕਰਨ ਲਈ ਪਦਮਾ ਨਦੀ ਚ ਗਏ ਸਨ। ਪਰ ਮੁਸ਼ਕਲ ਉਦੋਂ ਸ਼ੁਰੂ ਹੋਈ ਜਦੋਂ ਬੰਗਲਾਦੇਸ਼ੀ ਫੌਜੀਆਂ ਨੇ ਉਨ੍ਹਾਂ ਤਿੰਨ ਮਛੇਰਿਆਂ ਨੂੰ ਫੜ ਲਿਆ, ਜਿਨ੍ਹਾਂ ਨੂੰ ਬੀਐਸਐਫ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਮੱਛੀ ਫੜਨ ਦੀ ਆਗਿਆ ਦਿੱਤੀ ਸੀ।