AIBEA ਅਤੇ BEFI ਦੇ ਸੱਦੇ ’ਤੇ ਅੱਜ ਮੰਗਲਵਾਰ ਨੂੰ ਭਾਰਤ ਦੇ ਸਾਰੇ ਬੈਂਕਾਂ ਵਿੱਚ ਹੜਤਾਲ ਹੈ। ਦੇਸ਼ ਭਰ ਦੇ ਬੈਂਕਾਂ ਦਾ ਰਲੇਵਾਂ ਰੋਕਣ, ਬੈਂਕ ਮੁਲਾਜ਼ਮਾਂ ਦੀ ਸੁਰੱਖਿਆ ਮਜ਼ਬੁਤ ਕਰਨ ਤੇ ਤੇ ਸਾਰੇ ਬੈਂਕਾਂ ਵਿੱਚ ਬਰਾਬਰ ਭਰਤੀ ਜਿਹੀਆਂ ਮੰਗਾਂ ਨੂੰ ਲੈ ਕੇ ਅੱਜ 22 ਅਕਤੂਬਰ ਨੂੰ ਬੈਂਕਾਂ ਵਿੱਚ ਹੜਤਾਲ ਰਹੇਗੀ। ਪਰ ਹੜਤਾਲ ਤੋਂ ਪਹਿਲਾਂ ਹੀ ਮੁਲਾਜ਼ਮ ਜੱਥੇਬੰਦੀਆਂ ਵੱਖੋ–ਵੱਖਰੇ ਗੁੱਟਾਂ ਵਿੱਚ ਵੰਡੀਆਂ ਗਈਆਂ ਹਨ। ਇਸੇ ਲਈ ਅੱਜ ਭਾਰਤੀ ਸਟੇਟ ਬੈਂਕ (SBI) ਅਤੇ ਇੰਡੀਅਨ ਓਵਰਸੀਜ਼ ਬੈਂਕ ਖੁੱਲ੍ਹੇ ਰਹਿਣਗੇ।
ਹੜਤਾਲ ਤੋਂ ਪਹਿਲਾਂ ਬੈਂਕ ਕਰਮਚਾਰੀਆਂ ਦੇ ਵੱਡੇ ਸੰਗਠਨਾਂ ਦੇ ਦੂਰੀ ਬਣਾਉਣ ਕਾਰਨ ਇਸ ਅੰਦੋਲਨ ਦੀ ਸਫ਼ਲਤਾ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਭਾਰਤੀ ਸਟੇਟ ਬੈਂਕ ਜਿਹੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਸ਼ਾਮਲ ਨਾ ਹੋਣ ਨਾਲ ਹੜਤਾਲ ਲਗਭਗ ਨਾਕਾਮ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਭਾਰਤੀ ਸਟੇਟ ਬੈਂਕ ਸਟਾਫ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇ.ਕੇ. ਸਿੰਘ ਨੇ ਦੱਸਿਆ ਕਿ ਬੈਂਕਾਂ ਦੇ ਰਲ਼ੇਵੇਂ ਨਾਲੋਂ ਵੀ ਅਹਿਮ ਮੁੱਦਾ ਮੁਲਾਜ਼ਮਾਂ ਦੀ ਤਨਖ਼ਾਹ ਤੇ ਹੋਰ ਸਹੂਲਤਾਂ ਦਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਜੱਥੇਬੰਦੀ ਇਸ ਹੜਤਾਲ ’ਚ ਸ਼ਾਮਲ ਨਹੀਂ ਹੋਵੇਗੀ ਤੇ SBI ਦੀਆਂ ਸਾਰੀਆਂ ਸ਼ਾਖਾਵਾਂ ਆਮ ਜਨਤਾ ਲਈ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ।
ਇਸ ਦੌਰਾਨ ਨੈਸ਼ਨਲ ਕਨਫ਼ੈਡਰੇਸ਼ਨ ਬੈਂਕ ਇੰਪਲਾਈਜ਼ ਦੇ ਸੂਬਾ ਮੀਤ ਪ੍ਰਧਾਨ ਯੂ.ਪੀ. ਦੂਬੇ ਨੇ ਦੰਸਿਆ ਕਿ 22 ਅਕਤੂਬਰ ਨੂੰ ਪ੍ਰਸਤਾਵਿਤ ਹੜਤਾਲ ਵਿੱਚ ਸਾਡੀ ਜੱਥੇਬੰਦੀ ਵੀ ਸ਼ਾਮਲ ਨਹੀਂ ਹੈ। ਇਸ ਲਈ ਇੰਡੀਅਨ ਓਵਰਸੀਜ਼ ਬੈਂਕ ਦੀਆਂ ਸਾਰੀਆਂ ਸ਼ਾਖ਼ਾਵਾਂ ਖੁੱਲ੍ਹੀਆਂ ਰਹਿਣਗੀਆਂ।
ਇਸ ਦੇ ਨਾਲ ਹੀ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਯੂਪੀ ਉੱਤਰਾਖੰਡ ਦੇ ਜਨਰਲ ਸਕੱਤਰ ਵੀ.ਕੇ. ਸੇਂਗਰ ਨੇ ਵੀ ਹੜਤਾਲ ਵਿੱਚ ਸ਼ਾਮਲ ਨਾ ਹੋਣ ਦੀ ਪੁਸ਼ਟੀ ਕੀਤੀ ਹੈ।
ਆਲ ਇੰਡੀਆ ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਡੀਐੱਨ ਤ੍ਰਿਵੇਦੀ ਨੇ ਦੱਸਿਆ ਕਿ AIBOA ਵੱਲੋਂ ਵੀ ਸਾਰੇ ਅਧਿਕਾਰੀਆਂ ਨੂੰ ਲਿਖਤ–ਪੜ੍ਹਤ ਵਾਲੇ ਸਾਰੇ ਕੰਮਾਂ ਤੋਂ ਵੱਖ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਹੈ; ਜਿਸ ਨਾਲ ਬੈਂਕਿੰਗ ਕੰਮ ਪੂਰੀ ਤਰ੍ਹਾਂ ਠੱਪ ਰਹਿਣਗੇ।