ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਬੈਂਕਾਂ ’ਚ 8 ਜਨਵਰੀ ਨੂੰ ਰਹੇਗੀ ਹੜਤਾਲ

ਭਾਰਤ ਦੇ ਬੈਂਕਾਂ ’ਚ 8 ਜਨਵਰੀ ਨੂੰ ਰਹੇਗੀ ਹੜਤਾਲ

ਨਵੇਂ ਸਾਲ ਤੋਂ ਬੈਂਕਾਂ ਦੀਆਂ ਪ੍ਰਮੁੱਖ ਯੂਨੀਅਨਾਂ ਹੜਤਾਲ ਦੀ ਤਿਆਰੀ ਕਰ ਰਹੀਆਂ ਹਨ। ਖ਼ਬਰ ਏਜੰਸੀ ਆਈਏਐੱਨਐੱਸ ਮੁਤਾਬਕ ਬੈਂਕਿ ਖੇਤਰ ਦੀਆਂ ਮੁੱਖ ਯੂਨੀਅਨਾਂ ਨੇ 8 ਜਨਵਰੀ, 2020 ਨੂੰ ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ’ਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਹੈ।

 

 

ਇਹ ਜਾਣਕਾਰੀ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਦੇ ਇੱਕ ਸੀਨੀਅਰ ਆਗੂ ਨੇ ਦਿੱਤੀ। ਬੈਂਕ ਮੁਲਾਜ਼ਮਾਂ ਦੀ ਹੜਤਾਲ ਕਾਰਨ ਆਮ ਲੋਕਾਂ ਦੇ ਕੰਮਕਾਜ ਪ੍ਰਭਾਵਿਤ ਹੋਣਗੇ।

 

 

AIBEA ਦੇ ਜਨਰਲ ਸਕੱਤਰ ਸ੍ਰੀ ਸੀਐੱਚ ਵੈਂਕਟਚਲਮ ਨੇ ਦੱਸਿਆ ਕਿ 10 ਕੇਂਦਰੀ ਟ੍ਰੇਡ ਯੂਨੀਅਨਾਂ ਇਸ ਦੇਸ਼–ਪੱਧਰੀ ਹੜਤਾਲ ਦੀ ਹਮਾਇਤ ਕਰ ਰਹੀਆਂ ਹਨ। ਇਹ ਹੜਤਾਲ ਕੇਂਦਰ ਸਰਕਾਰ ਦੀਆਂ ਮਜ਼ਦੂਰ–ਵਿਰੋਧੀ ਨੀਤੀਆਂ ਵਿਰੁੱਧ ਕੀਤੀ ਜਾਵੇਗੀ; ਜਿਸ ਵਿੱਚ ਨੌਕਰੀਆਂ ਦੀ ਸੁਰੱਖਿਆ, ਰੁਜ਼ਗਾਰ ਦੇ ਮੌਕੇ ਵਧਾਉਣ ਤੇ ਕਿਰਤ ਕਾਨੂੰਨਾਂ ਵਿੱਚ ਸੋਧ ਬੰਦ ਕਰਨ ਨਾਲ ਸਬੰਧਤ ਮੰਗਾਂ ਰੱਖੀਆਂ ਜਾਣਗੀਆਂ।

 

 

ਸ੍ਰੀ ਵੈਂਕਟਚਲਮ ਨੇ ਦੱਸਿਆ ਕਿ ਇਸ ਹੜਤਾਲ ਵਿੱਚ ਸ਼ਾਮਲ ਹੋਣ ਵਾਲੀਆਂ ਬੈਂਕਿੰਗ ਖੇਤਰ ਨਾਲ ਜੁੜੀਆਂ ਪ੍ਰਮੁੱਖ ਯੂਨੀਅਨਾਂ – AIBEA, AIBOA, BEFI, INBEF ਅਤੇ INBOC ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਰਿਜ਼ਰਵ ਬੈਂਕ (RBI) ਦੇ ਮੁਲਾਜ਼ਮ ਵੀ ਇਸ ਹੜਤਾਲ ’ਚ ਸ਼ਾਮਲ ਹੋਣਗੇ।

 

 

ਉਨ੍ਹਾਂ ਤੋਂ ਇਲਾਵਾ ਸਹਿਕਾਰੀ ਬੈਂਕ, ਖੇਤਰੀ ਦਿਹਾਤੀ ਬੈਂਕ (RRB), ਭਾਰਤੀ ਜੀਵਨ ਬੀਮਾ ਨਿਗਮ (LIC) ਅਤੇ ਆਮ ਬੀਮਾ ਖੇਤਰ ਦੇ ਮੁਲਾਜ਼ਮਾਂ ਨੇ ਵੀ ਇਸ ਹੜਤਾਲ ਦਾ ਸਮਰਥਨ ਕੀਤਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਸਰਕਾਰ ਵੱਲੋਂ ਬੈਂਕਾਂ ਦੇ ਰਲ਼ੇਵੇਂ ਦੇ ਫ਼ੈਸਲੇ ਦਾ ਵੀ ਵੱਖੋ–ਵੱਖਰੀਆਂ ਮੁਲਾਜ਼ਮ ਯੂਨੀਅਨਾਂ ਵਿਰੋਧ ਕਰ ਰਹੀਆਂ ਹਨ। ਚੇਤੇ ਰਹੇ ਕਿ ਤਿੰਨ ਮਹੀਨੇ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 10 ਬੈਂਕਾਂ ਦੇ ਰਲ਼ੇਵੇਂ ਦਾ ਐਲਾਨ ਕੀਤਾ ਸੀ।

 

 

ਇਸ ਤੋਂ ਬਾਅਦ ਜਿੱਥੇ ਚਾਰ ਨਵੇਂ ਬੈਂਕ ਹੋਂਦ ’ਚ ਆ ਜਾਣਗੇ, ਉੱਥੇ ਆਂਧਰਾ ਬੈਂਕ, ਅਲਾਹਾਬਾਦ ਬੈਂਕ, ਸਿੰਡੀਕੇਟ ਬੈਂਕ, ਕਾਰਪੋਰੇਸ਼ਨ ਬੈਂਕ, ਯੂਨਾਈਟਿਡ ਬੈਂਕ ਆਫ਼ ਇੰਡੀਆ ਤੇ ਓਰੀਐਂਟਲ ਬੈਂਕ ਆਫ਼ ਕਾਮਰਸ ਦੀ ਹੋਂਦ ਬਾਕੀ ਨਹੀਂ ਰਹੇਗੀ।

 

 

ਬੈਂਕ ਯੂਨੀਅਨਾਂ ਦਾ ਕਹਿਣਾ ਹੈ ਕਿ ਇਸ ਰਲ਼ੇਵੇਂ ਨਾਲ ਬੈਂਕਿੰਗ ਖੇਤਰ ਦੇ ਮੁਲਾਜ਼ਮ ਬੇਰੁਜ਼ਗਾਰ ਹੋ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Banks in India to be on Strike on 8th January