ਭਾਰਤੀ ਰਿਜ਼ਰਵ ਬੈਂਕ (RBI) ਨੇ ਪੈਸੇ ਟ੍ਰਾਂਸਫ਼ਰ ਕਰਨ ਲਈ ਆਰਟੀਜੀਐੱਸ (RTGS) ਅਤੇ ਐੱਨਈਐੱਫ਼ਟੀ (NEFT) ਚਾਰਜ ਹਟਾਉਣ ਲਈ ਬੈਂਕਾਂ ਨੂੰ ਹੁਕਮ ਜਾਰੀ ਕੀਤੇ ਹਨ। ਭਾਰਤੀ ਰਿਜ਼ਰਵ ਬੈਂਕ ਨੇ ਪਹਿਲੀ ਜੁਲਾਈ ਤੋਂ ਬੈਂਕਾਂ ਨੂੰ ‘ਨੈਸ਼ਨਲ ਇਲੈਕਟ੍ਰੋਨਿਕ ਫ਼ੰਡ ਟ੍ਰਾਂਸਫ਼ਰ’ (NEFT) ਸਿਸਟਮ ਤੇ ‘ਰੀਅਲ ਟਾਈਮ ਗ੍ਰੌਸ ਸੈਟਲਮੈਂਟ’ (RTGS) ਸਿਸਟਮ ਫ਼ੀਸ ਵਾਪਸ ਲੈਣ ਦੀ ਹਦਾਇਤ ਜਾਰੀ ਕੀਤੀ ਹੈ।
ਇਸ ਦਾ ਇਹੋ ਮਤਲਬ ਹੈ ਕਿ ਹੁਣ ਪਹਿਲੀ ਜੁਲਾਈ ਤੋਂ ਗਾਹਕਾਂ ਨੂੰ ਕੋਈ ਫ਼ੀਸ ਨਹੀਂ ਦੇਣੀ ਪਵੇਗੀ। RBI ਨੇ ਬੀਤੇ ਦਿਨੀਂ ਡਿਜੀਟਲ ਲੈਣ–ਦੇਣ ਨੂੰ ਹੋਰ ਮਜ਼ਬੂਤ ਕਰਨ ਲਈ RTGS ਅਤੇ NEFT ਰਾਹੀਂ ਧਨ ਦੇ ਲੈਣ–ਦੇਣ ਲਈ ਬੈਂਕਾਂ ਉੱਤੇ ਲੱਗਣ ਵਾਲੀ ਫ਼ੀਸ ਖ਼ਤਮ ਕਰਨ ਦਾ ਐਲਾਨ ਕੀਤਾ ਸੀ ਤੇ ਇਸ ਦਾ ਲਾਭ ਗਾਹਕਾਂ ਨੂੰ ਦੇਣ ਲਈ ਆਖਿਆ ਸੀ।
ਇੱਥੇ ਵਰਨਣਯੋਗ ਹੈ ਕਿ ਦੋ ਲੱਖ ਰੁਪਏ ਤੋਂ ਵੱਧ ਦੀ ਰਕਮ ਤੁਰੰਤ ਕਿਸੇ ਹੋਰ ਦੇ ਖਾਤੇ ਵਿੱਚ ਭੇਜਣ ਲਈ ਰੀਅਲ ਟਾਈਮ ਗ੍ਰੌਸ ਸੈਟਲਮੈਂਟਰ ਭਾਵ ਆਰਟੀਜੀਐੱਸ ਦੀ ਵਰਤੋਂ ਕੀਤੀ ਜਾਂਦੀ ਹੈ। ਦੋ ਲੱਖ ਰੁਪਏ ਦੀ ਰਕਮ ਭੇਜਦ ਲਈ ਐੱਨਈਐੱਫ਼ਟੀ ਨੂੰ ਵਰਤਿਆ ਜਾਂਦਾ ਹੈ।
RBI ਵੱਲੋਂ NEFT ਰਾਹੀਂ ਧਨ ਟ੍ਰਾਂਸਫ਼ਰ ਕਰਨ ਲਈ ਗਾਹਕ ਤੋਂ 1.0 ਰੁਪਏ ਤੋਂ ਲੈ ਕੇ 5 ਰੁਪਏ ਤੱਕ ਦੀ ਫ਼ੀਸ ਲਈ ਜਾਂਦੀ ਹੈ। ਇੰਝ ਹੀ RTGS ਦੇ ਮਾਮਲੇ ਵਿੱਚ ਇਹ ਫ਼ੀਸ 5 ਰੁਪਏ ਤੋਂ 50 ਰੁਪਏ ਤੱਕ ਹੈ।