ਅਯੁੱਧਿਆ ਵਿੱਚ ਰਾਮ ਜਨਮ ਭੂਮੀ ਵਿਵਾਦ ਦੀ ਸੁਣਵਾਈ ਬੁੱਧਵਾਰ ਨੂੰ ਪੂਰੀ ਹੋਵੇਗੀ। 40ਵੇਂ ਦਿਨ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਇਹ ਧਿਆਨ ਵਿੱਚ ਰੱਖਦੇ ਹੋਏ ਕਿ ਕੋਈ ਵਿਵਾਦ ਨਾ ਹੋਵੇ, ਉੱਤਰ ਪ੍ਰਦੇਸ਼ ਸਰਕਾਰ ਨੇ ਫੀਲਡ ਵਿੱਚ ਤਾਇਨਾਤ ਸਾਰੇ ਅਫ਼ਸਰਾਂ ਦੀਆਂ ਛੁੱਟੀਆਂ ਨੂੰ ਰੱਦ ਕਰ ਦਿੱਤਾ ਹੈ। ਸਾਰਿਆਂ ਨੂੰ ਹੈੱਡਕੁਆਰਟਰ ਵਿੱਚ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਅਦਾਲਤ ਵਿੱਚ ਸੁਣਵਾਈ ਜਾਰੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਨੇ ਹਿੰਦੂ ਪੱਖ ਦੇ ਵਕੀਲ ਸੀਐਸ ਵੈਦਿਆਨਾਥਨ ਨੂੰ ਦੱਸਿਆ ਕਿ ਉਸ ਨੂੰ ਇੱਕ ਘੰਟਾ ਦਿੱਤਾ ਜਾਵੇਗਾ ਅਤੇ ਮੁਸਲਿਮ ਪੱਖ ਦੇ ਵਕੀਲ ਨੂੰ ਇੱਕ ਘੰਟਾ ਦਿੱਤਾ ਜਾਵੇਗਾ।
ਦੁਪਹਿਰ ਦੇ ਖਾਣੇ ਤੋਂ ਬਾਅਦ ਦੀ ਸੁਣਵਾਈ ਵਿੱਚ 45-45 ਮਿੰਟ ਬਾਕੀ ਪੰਜਾਂ ਧਿਰਾਂ ਨੂੰ ਦਿੱਤੇ ਜਾਣਗੇ। ਦੁਪਹਿਰ ਦੇ ਖਾਣੇ ਦੇ ਬਰੇਕ ਤੋਂ ਬਾਅਦ ਤਿੰਨ ਘੰਟੇ ਸੁਣਵਾਈ ਹੋਵੇਗੀ। ਜਸਟਿਸ ਗੋਗੋਈ ਨੇ ਕਿਹਾ ਕਿ ਧਿਰਾਂ ਨੂੰ ਇਹ ਤਿੰਨ ਘੰਟੇ ਵੰਡਣੇ ਚਾਹੀਦੇ ਹਨ। ਇਸ ਤੋਂ ਜ਼ਿਆਦਾ ਉਨ੍ਹਾਂ ਨੂੰ ਨਹੀਂ ਸੁਣਿਆ ਜਾਵੇਗਾ। ਇਸ ਤਰ੍ਹਾਂ ਸੁਣਵਾਈ ਤੋਂ ਬਾਅਦ ਅਦਾਲਤ ਬੁੱਧਵਾਰ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖ ਸਕਦੀ ਹੈ।