ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਨੈਸ਼ਨਲ ਰਜਿਸਟਰ ਫ਼ਾਰ ਸਿਟੀਜ਼ਨ (NCR) ਦੇ ਮਸਲੇ ’ਤੇ ਪਿਛਲੇ ਇੱਕ ਮਹੀਨੇ ਤੋਂ ਵਿਰੋਧ ਤੇ ਰੋਸ ਪ੍ਰਦਰਸ਼ਨ ਜਾਰੀ ਹਨ। ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ’ਚ ਕਈ ਸੰਗਠਨਾਂ ਵੱਲੋਂ ਹਰ ਰੋਜ਼ ਪ੍ਰਦਰਸ਼ਨ ਕੀਤਾ ਜਾ ਰਹੇ ਹਨ ਤੇ ਰੋਸ ਮਾਰਚ ਕੀਤੇ ਜਾ ਰਹੇ ਹਨ।
ਅੱਜ ਵੀ ਕਈ ਜੱਥੇਬੰਦੀਆਂ ਨੇ ‘ਭਾਰਤ ਬੰਦ’ ਦਾ ਐਲਾਨ ਕੀਤਾ ਹੋਇਆ ਹੈ। ਮੁੱਖ ਤੌਰ ’ਤੇ ਇਹ ਐਲਾਨ ਦਲਿਤ ਸੰਗਠਨਾਂ ਨੇ ਕੀਤਾ ਹੈ। ਇਸ ਤੋਂ ਇਲਾਵਾ ਅੱਜ ਦਿੱਲੀ ਦੇ ਸ਼ਾਹੀਨ ਬਾਗ਼ ’ਤੇ ਰੋਜ਼ ਵਾਂਗ ਰੋਸ ਮੁਜ਼ਾਹਰਾ ਤੇ ਧਰਨਾ ਜਾਰੀ ਰਹੇਗਾ।
ਪਰ ਅੱਜ 29 ਜਨਵਰੀ ਨੂੰ ਸ਼ਾਹੀਨ ਬਾਗ਼ ਦੇ ਕੁਝ ਪ੍ਰਦਰਸ਼ਨਕਾਰੀ ਜੰਤਰ–ਮੰਤਰ ਜਾ ਕੇ ਵੀ ਰੋਸ ਮੁਜ਼ਾਹਰੇ ’ਚ ਭਾਗ ਲੈਣਗੇ।
ਬਹੁਜਨ ਕ੍ਰਾਂਤੀ ਮੋਰਚਾ ਵੱਲੋਂ ਅੱਜ ‘ਭਾਰਤ ਬੰਦ’ ਦਾ ਐਲਾਨ ਕੀਤਾ ਗਿਆ ਹੈ; ਜਿਸ ਦਾ ਸਮਰਥਨ ਕਈ ਦਲਿਤ ਸੰਗਠਨਾਂ ਨੇ ਕੀਤਾ ਹੈ।
ਕੱਲ੍ਹ ਮੰਗਲਵਾਰ ਨੂੰ ਟਵਿਟਰ ’ਤੇ ‘#ਕੱਲ੍ਹ ਭਾਰਤ ਬੰਦ ਰਹੇਗਾ’ ਟ੍ਰੈਂਡ ਕਰ ਰਿਹਾ ਸੀ ਤੇ ਲੋਕਾਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਆਖਿਆ ਜਾ ਰਿਹਾ ਸੀ।
ਪਿਛਲੇ 40 ਦਿਨਾਂ ਤੋਂ ਦਿੱਲੀ ਦੇ ਸ਼ਾਹੀਨ ਬਾਗ਼ ’ਚ ਮੁਸਲਿਮ ਔਰਤਾਂ CAA ਅਤੇ NRC ਵਿਰੁੱਧ ਰੋਸ ਮੁਜ਼ਾਹਰਾ ਕਰ ਰਹੀਆਂ ਹਨ ਤੇ ਕੜਾਕੇ ਦੀ ਠੰਢ ਵਿੱਚ ਵੀ ਧਰਨੇ ’ਤੇ ਬੈਠੀਆਂ ਰਹੀਆਂ ਹਨ।
ਅੱਜ ਇਨ੍ਹਾਂ ਵਿੱਚੋਂ ਕੁਝ ਮਹਿਲਾਵਾਂ ਦਿੱਲੀ ਦੇ ਜੰਤਰ–ਮੰਤਰ ਉੱਤੇ ਮਾਰਚ ਕਰਨਗੀਆਂ। ਇਹ ਐਲਾਨ ਕੀਤਾ ਗਿਆ ਹੈ ਕਿ ਸ਼ਾਹੀਨ ਬਾਗ਼ ਦੀਆਂ ਦਾਦੀਆਂ ਅੱਜ ਜੰਤਰ–ਮੰਤਰ ਪੁੱਜਣਗੀਆਂ।
ਸ਼ਾਹੀਨ ਬਾਗ਼ ਨੂੰ ਲੈ ਕੇ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਿਆਸਤ ਤੇਜ਼ ਹੋ ਗਈ ਹੈ ਤੇ ਭਾਜਪਾ–ਆਮ ਆਦਮੀ ਪਾਰਟੀ ਵਿਚਾਲੇ ਆਰ–ਪਾਰ ਦੀ ਜੰਗ ਜਾਰੀ ਹੈ।