ਅਗਲੀ ਕਹਾਣੀ

ਸੋਮਵਾਰ ਨੂੰ ਸਵੇਰੇ 9 ਤੋਂ ਸ਼ਾਮੀਂ 3 ਵਜੇ ਤੱਕ ਰਹੇਗਾ ‘ਭਾਰਤ ਬੰਦ`

ਸੋਮਵਾਰ ਨੂੰ ਸਵੇਰੇ 9 ਤੋਂ ਸ਼ਾਮੀਂ 3 ਵਜੇ ਤੱਕ ਰਹੇਗਾ ‘ਭਾਰਤ ਬੰਦ`

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ `ਚ ਅਥਾਹ ਵਾਧੇ ਅਤੇ ਵਧਦੀ ਮਹਿੰਗਾਈ ਦੇ ਵਿਰੋਧ `ਚ ਸੋਮਵਾਰ 10 ਸਤੰਬਰ ਨੂੰ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ‘ਭਾਰਤ ਬੰਦ` ਦਾ ਸੱਦਾ ਦਿੱਤਾ ਹੈ।


ਕਾਂਗਰਸ ਮੁਤਾਬਕ ਇਸ ਬੰਦ ਨੂੰ ਸਫ਼ਲ ਬਣਾਉਣ ਲਈ 21 ਸਿਆਸੀ ਪਾਰਟੀਆਂ ਦੀ ਹਮਾਇਤ ਹਾਸਲ ਹੈ। ਪਾਰਟੀ ਨੇ ਹੋਰ ਵਿਰੋਧੀ ਪਾਰਟੀਆਂ ਨੂੰ ਵੀ ਬੰਦ ਸਫ਼ਲ ਕਰਵਾਉਣ ਲਈ ਹਮਾਇਤ ਦੇਣ ਦੀ ਅਪੀਲ ਕੀਤੀ ਹੈ। ਕਾਂਗਰਸ ਅਨੁਸਾਰ ਇਹ ਬੰਦ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਹੀ ਹੋਵੇਗਾ।


ਕਾਂਗਰਸ ਮੁੱਖ ਦਫ਼ਤਰ `ਚ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ `ਚ ਬੋਲਦਿਆਂ ਦਿੱਲੀ ਸੂਬਾ ਕਾਂਗਰਸ ਦੇ ਪ੍ਰਧਾਨ ਤੇ ਸੀਨੀਅਰ ਬੁਲਾਰੇ ਅਜੇ ਮਾਕਨ ਨੇ ਆਪਣੇ ਪਾਰਟੀ ਕਾਰਕੁੰਨਾਂ ਨੂੰ ਭਲਕੇ ਦਾ ਇਹ ਬੰਦ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਪਾਰਟੀ ਕਾਰਕੁੰਨਾਂ ਨੂੰ ਸੱਦਾ ਦਿੱਤਾ ਹੈ ਕਿ ਬੰਦ ਦੌਰਾਨ ਕਿਸੇ ਤਰ੍ਹਾਂ ਦੀ ਹਿੰਸਾ ਨਾ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਮਹਾਤਮਾ ਗਾਂਧੀ ਦੇ ਆਦਰਸ਼ਾਂ `ਤੇ ਚੱਲਣ ਵਾਲੀ ਪਾਰਟੀ ਹੈ ਅਤੇ ਆਮ ਆਦਮੀ ਨੂੰ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ।


ਕਾਂਗਰਸ ਦਾ ਦਾਅਵਾ ਹੈ ਕਿ ਇਸ ‘ਭਾਰਤ ਬੰਦ` ਨੂੰ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਡੀਐੱਮਕੇ, ਰਾਸ਼ਟਰੀ ਜਨਤਾ ਦਲ, ਮਾਰਕਸਵਾਦੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ, ਜਨਤਾ ਦਲ - ਸੈਕੂਲਰ, ਰਾਸ਼ਟਰੀ ਲੋਕਲ, ਝਾਰਖੰਡ ਮੁਕਤੀ ਮੋਰਚਾ, ਐੱਮਐੱਨਐੱਸ ਤੇ ਹੋਰ ਕਈ ਪਾਰਟੀਆਂ ਆਪਣੀ ਹਮਾਇਤ ਦੇ ਰਹੀਆਂ ਹਨ।


ਉੱਧਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਮਹਿੰਗਾਈ ਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ `ਚ ਜ਼ਰੂਰ ਹਨ ਪਰ ਉਹ ਬੰਦ ਦੀ ਹਮਾਇਤ ਨਹੀਂ ਕਰ ਰਹੇ ਕਿਉਂਕਿ ਬੰਦ ਨਾਲ ਆਮ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਧਰ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਉਨ੍ਹਾਂ ਨੇ ਬੰਦ ਦਾ ਸਮਾਂ ਇਸੇ ਆਧਾਰ `ਤੇ ਤੈਅ ਕੀਤਾ ਹੈ, ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅੋਕੜ ਪੇਸ਼ ਨਾ ਆਵੇ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bharat Bandh only from 9am to 3pm