ਜੀਓ, ਏਅਰਟੈਲ ਅਤੇ ਵੋਡਾਫੋਨ-ਆਈਡੀਆ ਇੱਕ ਤੋਂ ਬਾਅਦ ਇਕ ਨਵੀੱਆਂ ਸਕੀਮਾਂ ਪੇਸ਼ ਕਰ ਰਹੀਆਂ ਹਨ। ਵੱਖ-ਵੱਖ ਪਲਾਨ 'ਚ ਤਰ੍ਹਾਂ-ਤਰ੍ਹਾਂ ਦੀਆਂ ਆਕਰਸ਼ਕ ਸਕੀਮਾਂ ਦੇ ਕੇ ਤਿੰਨੇ ਕੰਪਨੀਆਂ ਗਾਹਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਵਿਚਕਾਰ ਦੇਸ਼ ਦੀ ਪ੍ਰਮੁੱਖ ਟੈਲੀਕਾਮ ਕੰਪਨੀਆਂ 'ਚੋਂ ਇੱਕ ਭਾਰਤੀ ਏਅਰਟੈਲ ਨੇ ਐਤਵਾਰ ਨੂੰ ਆਪਣੇ ਇੱਕ ਨਵੇਂ ਪਲਾਨ ਦਾ ਐਲਾਨ ਕੀਤਾ ਹੈ।
ਏਅਰਟੈਲ ਨੇ 179 ਰੁਪਏ ਦੇ ਨਵੇਂ ਪਲਾਨ ਦਾ ਐਲਾਨ ਕੀਤਾ ਹੈ। ਇਸ ਪਲਾਨ 'ਚ ਮੋਬਾਈਲ ਨਾਲ ਜੁੜੇ ਲਾਭਾਂ ਤੋਂ ਇਲਾਵਾ ਬੀਮਾ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ। ਇਹ ਇੱਕ ਬਹੁਤ ਹੀ ਖ਼ਾਸ ਪੇਸ਼ਕਸ਼ ਹੈ, ਜਿਸ 'ਚ ਡਾਟਾ, ਕਾਲਿੰਗ ਅਤੇ ਐਸਐਮਐਸ ਤੋਂ ਇਲਾਵਾ ਟਰਮ ਲਾਈਫ ਕਵਰ ਵੀ ਮਿਲੇਗਾ।
ਏਅਰਟੈਲ ਨੇ 179 ਰੁਪਏ ਦਾ ਪ੍ਰੀਪੇਡ ਪੈਕ ਪੇਸ਼ ਕੀਤਾ ਹੈ। ਇਸ ਪੈਕ ਦੇ ਨਾਲ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਦਾ 2 ਲੱਖ ਰੁਪਏ ਦਾ ਜੀਵਨ ਬੀਮਾ ਕਵਰ ਵੀ ਸ਼ਾਮਲ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ 179 ਰੁਪਏ ਦੇ ਇਸ ਨਵੇਂ ਪ੍ਰੀਪੇਡ ਪੈਕ ਦੇ ਰਾਹੀਂ ਕਿਸੇ ਵੀ ਨੈੱਟਵਰਕ 'ਤੇ ਅਸੀਮਿਤ ਕਾਲ, 2ਜੀਬੀ ਡਾਟਾ, 300 ਐਸਐਮਐਸ ਅਤੇ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਦਾ 2 ਲੱਖ ਰੁਪਏ ਦਾ ਬੀਮਾ ਕਵਰ ਮਿਲੇਗਾ। ਇਸ ਪੈਕ ਦੀ ਵੈਧਤਾ ਮਿਆਦ 28 ਦਿਨ ਦੀ ਹੋਵੇਗੀ।
ਇਸ ਨੂੰ ਵਿਸ਼ੇਸ਼ ਰੂਪ ਨਾਲ ਪ੍ਰਵੇਸ਼ ਪੱਧਰ 'ਤੇ ਸਮਾਰਟਫੋਨ ਗਾਹਕਾਂ ਅਤੇ ਅਰਧ-ਸ਼ਹਿਰੀ ਅਤੇ ਪੇਂਡੂ ਬਾਜ਼ਾਰਾਂ ਦੇ ਫੀਚਰ ਫੋਨ ਦੀ ਵਰਤੋਂ ਕਰਨ ਵਾਲੇ ਗਾਹਕਾਂ ਲਈ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਹ ਬੀਮਾ ਕਵਰ 18 ਤੋਂ 54 ਸਾਲ ਦੀ ਉਮਰ ਦੇ ਲੋਕਾਂ ਨੂੰ ਉਪਲੱਬਧ ਹੋਵੇਗਾ। ਇਸ ਦੇ ਲਈ ਕਿਸੇ ਤਰ੍ਹਾਂ ਦੇ ਕਾਗਜ਼ੀ ਦਸਤਾਵੇਜ਼ਾਂ ਜਾਂ ਡਾਕਟਰੀ ਜਾਂਚ ਦੀ ਲੋੜ ਨਹੀਂ ਹੋਵੇਗੀ। ਬੀਮਾ ਪਾਲਿਸੀ ਜਾਂ ਪ੍ਰਮਾਣ ਪੱਤਰ ਤੁਰੰਤ ਡਿਜੀਟਲ ਰੂਪ 'ਚ ਭੇਜ ਦਿੱਤਾ ਜਾਵੇਗਾ। ਬੇਨਤੀ 'ਤੇ ਇਸ ਦੀ ਕਾਪੀ ਵੀ ਉਪਲੱਬਧ ਕਰਵਾਈ ਜਾਵੇਗੀ।