ਭੋਪਾਲ ਗੈਸ ਕਾਂਡ ਦੇ ਪੀੜਤਾਂ ਲਈ ਆਪਣੀਆਂ ਸੇਵਾਵਾਂ ਦਿੰਦੇ ਰਹੇ ਸਮਾਜ–ਸੇਵਕ ਅਬਦੁਲ ਜੱਬਾਰ ਦਾ ਵੀਰਵਾਰ ਦੇਰ ਰਾਤੀਂ ਦੇਹਾਂਤ ਹੋ ਗਿਆ। ਅਬਦੁਲ ਜੱਬਾਰ ਨੇ ਗੈਸ ਦੁਖਾਂਤ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇੱਕ ਲੰਮੀ ਲੜਾਈ ਲੜੀ ਸੀ। ਇਸ ਦੁਖਾਂਤ ਵਿੱਚ ਅਬਦੁਲ ਜੱਬਾਰ ਨੇ ਆਪਣੇ ਮਾਪਿਆਂ ਨੂੰ ਗੁਆ ਦਿੱਤਾ ਸੀ।
ਉਸ ਗੈਸ ਕਾਂਡ ਕਾਰਨ ਉਨ੍ਹਾਂ ਦੇ ਫੇਫੜਿਆਂ ਤੇ ਅੱਖਾਂ ਉੱਤੇ ਵੀ ਗੰਭੀਰ ਅਸਰ ਪਿਆ ਸੀ ਤੇ ਉਨ੍ਹਾਂ ਨੂੰ ਇੱਕ ਅੱਖ ਤੋਂ ਬਹੁਤ ਘੱਟ ਦਿਸਦਾ ਸੀ। ਅਬਦੁਲ ਜੱਬਾਰ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਦੇਹਾਂਤ ਤੋਂ ਇੱਕ ਦਿਨ ਪਹਿਲਾਂ ਹੀ ਮੱਧ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਦੇ ਇਲਾਜ ਦਾ ਖ਼ਰਚਾ ਦੇਣ ਦਾ ਐਲਾਨ ਕੀਤਾ ਸੀ।
ਮੁੱਖ ਮੰਤਰੀ ਕਮਲਨਾਥ ਨੇ ਟਵੀਟ ਕਰ ਕੇ ਅਬਦੁਲ ਜੱਬਾਰ ਦੇ ਇਲਾਜ ਦਾ ਖ਼ਰਚਾ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਸੀ। ਚੇਤੇ ਰਹੇ ਕਿ ਭੋਪਾਲ ਗੈਸ ਦੁਖਾਂਤ ਸਭ ਤੋਂ ਭਿਆਨਕ ਤੇ ਦਰਦਨਾਕ ਉਦਯੋਗਿਕ ਹਾਦਸਿਆਂ ਵਿੱਚੋਂ ਇੱਕ ਹੈ।
ਇਸ ਦੁਖਾਂਤ ਦੇ ਪੀਡਤਾਂ ਲਈ ਇਹ ਇੱਕ ਅਜਿਹਾ ਜ਼ਖ਼ਮ ਹੈ, ਜੋ ਅੱਜ ਵੀ ਲੋਕਾਂ ਦੇ ਮਨਾਂ ’ਚ ਤਾਜ਼ਾ ਹੈ। ਦੋ ਦਸੰਬਰ, 1984 ਦੀ ਰਾਤ ਨੂੰ ਭੋਪਾਲ ’ਚ ਯੂਨੀਅਨ ਕਾਰਬਾਈਡ ਨਾਂਅ ਦੀ ਫ਼ੈਕਟਰੀ ’ਚੋਂ ਨਿੱਕਲੀ 30 ਟਨ ਜ਼ਹਿਰੀਲੀ ਗੈਸ ਮਿਥਾਇਲ ਆਸੋਸਾਇਨੇਟ ਨੇ 10 ਹਜ਼ਾਰ ਤੋਂ ਵੀ ਵੱਧ ਲੋਕਾਂ ਦੀ ਜਾਨ ਲੈ ਲਈ ਸੀ।