ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਚੋਣਾਂ ’ਚ ਭੁਪਿੰਦਰ ਸਿੰਘ ਹੁੱਡਾ ਨੇ ਇੰਝ ਪੱਕੀ ਕੀਤੀ ਆਪਣੀ ਸਰਦਾਰੀ

ਹਰਿਆਣਾ ਚੋਣਾਂ ’ਚ ਭੁਪਿੰਦਰ ਸਿੰਘ ਹੁੱਡਾ ਨੇ ਇੰਝ ਪੱਕੀ ਕੀਤੀ ਆਪਣੀ ਸਰਦਾਰੀ

ਹਰਿਆਣਾ ਵਿਧਾਨ ਸਭਾ ਚੋਣਾਂ ’ਚ 72 ਸਾਲਾ ਭੁਪਿੰਦਰ ਸਿੰਘ ਹੁੱਡਾ ਕਾਂਗਰਸ ਲਈ ‘ਓਲਡ ਇਜ਼ ਗੋਲਡ’ ਸਾਬਤ ਹੋਏ ਹਨ। ਸਿੱਧੇ ਪੰਜਾਬੀ ਸ਼ਬਦਾਂ ਵਿੱਚ ਆਖ ਲਈਏ ਤਾਂ – ‘ਨਵਾਂ ਨੌਂ ਦਿਨ ਪੁਰਾਣਾ ਸੌ ਦਿਨ’। ਉਨ੍ਹਾਂ ਲਗਭਗ ਖ਼ਤਮ ਹੋਣ ਦੇ ਕੰਢੇ ਪੁੱਜ ਚੁੱਕੀ ਕਾਂਗਰਸ ਨੂੰ ਐਨ ਆਖ਼ਰੀ ਸਮੇਂ ਇੰਝ ਖੜ੍ਹਾ ਕੀਤਾ ਕਿ ਉਹ ਭਾਜਪਾ ਤੇ ਬਹੁਮੱਤ ਦੇ ਅੰਕੜਿਆਂ ਦੇ ਵਿਚਕਾਰ ਆ ਕੇ ਖਲੋ ਗਈ।

 

 

ਸੂਤਰ ਦੱਸਦੇ ਹਨ ਕਿ ਪਾਰਟੀ ਜੇ ਹੁੱਡਾ ’ਤੇ ਪਹਿਲਾਂ ਤੋਂ ਹੀ ਭਰੋਸਾ ਪ੍ਰਗਟਾ ਦਿੰਦੀ ਤਾਂ ਕਾਂਗਰਸ ਲਈ ਨਤੀਜੇ ਹੋਰ ਵੀ ਬਿਹਤਰ ਹੋ ਸਕਦੇ ਸਨ। ਦਰਅਸਲ, ਕਾਂਗਰਸ ਵਿੱਚ ਪੰਜ ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਅਸ਼ੋਕ ਤੰਵਰ ਸੂਬਾ ਪ੍ਰਧਾਨ ਰਹੇ। ਉਨ੍ਹਾਂ ਦੀ ਅਗਵਾਈ ਹੇਠ ਸਾਲ 2014 ਦੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ਨੂੰ ਹਰਿਆਣਾ ’ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

 

 

ਇਸ ਕਾਰਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਉਨ੍ਹਾਂ ਦੀ ਅਕਸਰ ਬਹਿਸਬਾਜ਼ੀ ਵੀ ਹੁੰਦੀ ਰਹੀ। ਇਹ ਜੰਗ ਕਈ ਮੌਕਿਆਂ ’ਤੇ ਜੱਗ ਜ਼ਾਹਿਰ ਵੀ ਹੋਈ ਸੀ। ਇਹ ਦੂਰੀਆਂ ਇੰਨੀਆਂ ਵਧ ਗਈਆਂ ਸਨ ਕਿ ਕਾਂਗਰਸ ’ਚ ਖ਼ੁਦ ਨੂੰ ਹਾਸ਼ੀਏ ’ਤੇ ਪੁੱਜਾ ਵੇਖ ਕੇ ਸ੍ਰੀ ਹੁੱਡਾ ਵੱਖਰੀ ਪਾਰਟੀ ਬਣਾਉਣ ਬਾਰੇ ਵੀ ਸੋਚਣ ਲੱਗ ਪਏ ਸਨ।

 

 

ਰਾਹੁਲ ਗਾਂਧੀ ਕਿਉਂਕਿ ਅਸ਼ੋਕ ਤੰਵਰ ’ਤੇ ਅਥਾਹ ਭਰੋਸਾ ਕਰਦੇ ਸਨ, ਇਸ ਲਈ ਤੰਵਰ ਦੀ ਚੱਲਦੀ ਰਹੀ ਪਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਬਦਲਣੇ ਸ਼ੁਰੂ ਹੋ ਗਏ। ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

 

 

ਫਿਰ ਸੋਨੀਆ ਗਾਂਧੀ ਦੇ ਅੰਤ੍ਰਿਮ ਪ੍ਰਧਾਨ ਬਣਨ ਤੇ ਜੱਥੇਬੰਦਕ ਫ਼ੈਸਲਿਆਂ ਵਿੱਚ ਅਹਿਮਦ ਪਟੇਲ ਦੇ ਅਸਰਅੰਦਾਜ਼ ਹੋਣ ਤੋਂ ਬਾਅਦ ਪਾਰਟੀ ’ਚ ਭੁਪਿੰਦਰ ਸਿੰਘ ਹੁੱਡਾ ਮੁੜ ਮਜ਼ਬੂਤ ਹੋਣ ਲੱਗੇ। ਪਹਿਲਾਂ ਤਾਂ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਹੁੱਡਾ ਤੇ ਤੰਵਰ ਵਿਚਾਲੇ ਸੁਲ੍ਹਾ ਕਰਵਾਉਣ ਦੇ ਜਤਨ ਕੀਤੇ ਪਰ ਜਦੋਂ ਮਾਮਲਾ ਕਿਸੇ ਤਣ–ਪੱਤਣ ਲੱਗਦਾ ਨਾ ਦਿਸਿਆ, ਤਾਂ ਬੀਤੇ ਸਤੰਬਰ ਮਹੀਨੇ ਸਖ਼ਤ ਫ਼ੈਸਲਾ ਲੈਂਦਿਆਂ ਸੂਬੇ ਦੀ ਪ੍ਰਧਾਨਗੀ ਕੁਮਾਰੀ ਸ਼ੈਲਜਾ ਹਵਾਲੇ ਕਰ ਦਿੱਤੀ ਗਈ।

 

 

ਉਦੋਂ ਹੀ ਸ੍ਰੀ ਹੁੱਡਾ ਨੂੰ ਚੋਣ ਕਮੇਟੀ ਦਾ ਇੰਚਾਰਜ ਵੀ ਬਣਾ ਦਿੱਤਾ ਗਿਆ। ਬਾਅਦ ’ਚ ਬਾਗ਼ੀ ਹੋਏ ਅਸ਼ੋਕ ਤੰਵਰ ਨੇ ਇਸੇ ਅਕਤੂਬਰ ਮਹੀਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਉਸ ਤੋਂ ਬਾਅਦ ਸ੍ਰੀ ਹੁੱਡਾ ਨੇ ਆਪਣੀ ਪੂਰੀ ਤਾਕਤ ਇਨ੍ਹਾਂ ਚੋਣਾਂ ’ਚ ਲਾ ਦਿੱਤੀ। ਉਨ੍ਹਾਂ ਸਾਰੇ ਨਵੇਂ ਤੇ ਪੁਰਾਣੇ ਕਾਰਕੁੰਨਾਂ ਤੇ ਆਗੂਆਂ ਨੂੰ ਇਕੱਠੇ ਕੀਤਾ। ਉਨ੍ਹਾਂ ਦੀ ਟੀਮ ਨੇ ਦਿਨ–ਰਾਤ ਇੱਕ ਕੀਤਾ।

 

 

ਇੰਝ ਸ੍ਰੀ ਭੁਪਿੰਦਰ ਸਿੰਘ ਹੁੱਡਾ ਦੀ ਮਿਹਨਤ ਰੰਗ ਲਿਆਈ – ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਭ ਦੇ ਸਾਹਮਣੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhupinder Singh Hooda shown his credibility during Haryana polls this way