ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਿਸਮਸ 'ਤੇ ਵਿਸ਼ੇਸ਼ : ਪਿਆਰ ਅਤੇ ਕੋਮਲਤਾ ਦੀ ਮੂਰਤ ਪ੍ਰਭੂ ਯਿਸੂ ਮਸੀਹ 

1 / 2ਕ੍ਰਿਸਮਸ 'ਤੇ ਵਿਸ਼ੇਸ਼ : ਪਿਆਰ ਅਤੇ ਕੋਮਲਤਾ ਦੀ ਮੂਰਤ ਪ੍ਰਭੂ ਯਿਸੂ ਮਸੀਹ 

2 / 2ਕ੍ਰਿਸਮਸ 'ਤੇ ਵਿਸ਼ੇਸ਼ : ਪਿਆਰ ਅਤੇ ਕੋਮਲਤਾ ਦੀ ਮੂਰਤ ਪ੍ਰਭੂ ਯਿਸੂ ਮਸੀਹ 

PreviousNext

ਕ੍ਰਿਸਮਸ ਇੱਕ ਅਜਿਹਾ ਖਾਸ ਤਿਉਹਾਰ ਹੈ, ਜੋ ਪੂਰੀ ਦੁਨੀਆ 'ਚ ਪ੍ਰਸਿੱਧ ਹੈ। ਕ੍ਰਿਸਮਸ ਨੂੰ ਸਿਰਫ ਇਸਾਈ ਹੀ ਨਹੀਂ, ਸਗੋਂ ਵੱਖ-ਵੱਖ ਧਰਮਾਂ ਦੇ ਲੋਕ ਵੀ ਪੂਰੀ ਖੁਸ਼ੀ ਨਾਲ ਮਨਾਉਂਦੇ ਹਨ। ਹਰ ਸਾਲ ਇਹ ਤਿਉਹਾਰ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਮਨਾਉਣ ਦਾ ਖਾਸ ਕਾਰਨ ਸੈਂਟਾ ਕਲੋਜ਼ ਅਤੇ ਪ੍ਰਭੂ ਯਿਸੂ ਮਸੀਹ ਨੂੰ ਯਾਦ ਕਰਨਾ ਹੈ। 
 

ਪ੍ਰਭੂ ਯਿਸੂ ਮਸੀਹ ਦਾ ਜਨਮ ਫਲਸਤੀਨ ਦੇਸ਼ ਦੇ ਕਸਬੇ ਬੈਤਲਹਮ ਵਿਚ ਹੋਇਆ ਸੀ। ਸੰਸਾਰ ਵਿਚ ਜੋ ਮੌਜੂਦਾ ਈਸਵੀ ਸੰਨ ਪ੍ਰਚਲਤ ਹੈ, ਉਨ੍ਹਾਂ ਦੇ ਜਨਮ ਤੋਂ ਹੀ ਆਰੰਭ ਹੋਇਆ ਹੈ। ਪ੍ਰਭੂ ਯਿਸੂ ਦਾ ਜਨਮ 25 ਦਸੰਬਰ ਨੂੰ ਮੰਨਿਆ ਜਾਂਦਾ ਹੈ ਤੇ ਸੱਤਵੇਂ ਦਿਨ ਪਹਿਲੀ ਜਨਵਰੀ ਤੋਂ ਨਵਾਂ ਸਾਲ ਆਰੰਭ ਹੁੰਦਾ ਹੈ। ਪਵਿੱਤਰ ਬਾਈਬਲ ਦੇ ਬਚਨਾਂ ਮੁਤਾਬਕ ਉਨ੍ਹਾਂ ਦਾ ਜਨਮ ਪਰਮੇਸ਼ਰ ਵੱਲੋਂ ਪਹਿਲਾਂ ਮੁਕੱਰਰ ਯੋਜਨਾ ਦੁਆਰਾ ਹੋਇਆ। ਪਰਮੇਸ਼ਰ ਦੇ ਨਬੀਆਂ ਅਤੇ ਭਗਤਾਂ ਨੇ ਪਹਿਲਾਂ ਤੋਂ ਹੀ ਭਵਿੱਖ-ਬਾਣੀਆਂ ਕੀਤੀਆਂ ਹੋਈਆਂ ਸਨ ਕਿ ਉਹ ਕਿੱਥੇ ਪੈਦਾ ਹੋਣਗੇ, ਕਿਸ ਤਰ੍ਹਾਂ ਦੀ ਔਰਤ ਦੇ ਕੁੱਖੋਂ ਪੈਦਾ ਹੋਣਗੇ ਅਤੇ ਕਿਸ ਤਰ੍ਹਾਂ ਆਪਣਾ ਬਲੀਦਾਨ ਦੇਣਗੇ।
 

ਪਵਿੱਤਰ ਬਾਈਬਲ ਵਿਚ ਜ਼ਿਕਰ ਹੈ ਕਿ ਜਦੋਂ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਵਿਚ ਪ੍ਰਗਟ ਹੋਏ ਤਾਂ ਅਸਮਾਨ ਵਿਚ ਸਵਰਗੀ ਦੂਤ ਪਰਮੇਸ਼ਰ ਦੀ ਉਸਤਤ ਵਿਚ ਭਜਨ ਗਾ ਰਹੇ ਸਨ ਅਤੇ ਪ੍ਰਭੂ ਦੇ ਜਨਮ ਦੀ ਖ਼ੁਸ਼ਖ਼ਬਰੀ ਧਰਤੀ ਦੇ ਲੋਕਾਂ ਤਕ ਪਹੁੰਚਾ ਰਹੇ ਸਨ। ਉਨ੍ਹਾਂ ਦੂਤਾਂ ਵਿੱਚੋਂ ਇਕ ਦੂਤ ਹੜ੍ਹ ਵਿਚ ਭੇਡਾਂ ਦੀ ਰਾਖੀ ਕਰਦੇ ਹੋਏ ਅਯਾਲੀਆਂ ਕੋਲ ਪਹੁੰਚਿਆ। ਤੇਜ਼ ਜਲਾਲੀ ਰੋਸ਼ਨੀ ਨਾਲ ਉਹ ਡਰ ਗਏ। ਤਦ ਦੂਤ ਨੇ ਉਨ੍ਹਾਂ ਨੂੰ ਆਖਿਆ ਕਿ ਡਰੋ ਨਾ, ਕਿਉਂਕਿ ਮੈਂ ਤੁਹਾਨੂੰ ਵੱਡੀ ਖ਼ੁਸ਼ੀ ਦੀ ਖ਼ਬਰ ਸੁਣਾਉਂਦਾ ਹਾਂ, ਜੋ ਸਾਰੀ ਪਰਜਾ ਲਈ ਹੋਵੇਗੀ ਕਿ ਦਾਊਦ ਦੇ ਨਗਰ (ਬੈਤਲਹਮ) ਵਿਚ ਅੱਜ ਤੁਹਾਡੇ ਲਈ ਇਕ ਮੁਕਤੀਦਾਤਾ ਪੈਦਾ ਹੋਇਆ ਹੈ, ਜਿਹੜਾ ਮਸੀਹ ਪ੍ਰਭੂ ਹੈ।
 

ਪ੍ਰਭੂ ਯਿਸੂ ਮਸੀਹ ਬਚਪਨ ਵਿਚ ਹੀ ਰੱਬੀ ਰੰਗ 'ਚ ਰੰਗੇ ਹੋਏ ਸਨ। ਜਦੋਂ ਉਹ ਅਜੇ 12 ਸਾਲਾਂ ਦੇ ਸਨ ਤਾਂ ਆਪਣੇ ਮਾਤਾ ਨਾਲ ਯਹੂਦੀ ਮੰਦਰ ਵਿਚ ਗਏ ਤਾਂ ਉਨ੍ਹਾਂ ਨੇ ਧਰਮ ਪ੍ਰਤੀ ਕਈ ਗੁੱਝੇ ਭੇਤਾਂ ਨੂੰ ਪ੍ਰਗਟ ਕੀਤਾ ਤਾਂ ਸਭ ਲੋਕ ਹੈਰਾਨ ਰਹਿ ਗਏ। ਯਿਸ਼ੂ ਦਾ ਸ਼ਾਬਦਿਕ ਅਰਥ ਹੈ 'ਬਚਾਉਣ ਵਾਲਾ' ਅਤੇ ਮਸੀਹ ਦਾ ਸ਼ਾਬਦਿਕ ਅਰਥ ਹੈ 'ਮੁਕੱਰਰ ਜਾਂ ਨਿਯੁਕਤ ਕੀਤਾ ਹੋਇਆ।' ਇਸ ਤੋਂ ਸਪਸ਼ਟ ਹੈ ਕਿ ਪਰਮੇਸ਼ਰ ਨੇ ਉਨ੍ਹਾਂ ਨੂੰ ਇਸ ਸੰਸਾਰ ਵਿੱਚ ਇਸ ਲਈ ਭੇਜਿਆ ਸੀ ਕਿ ਉਹ ਪਾਪੀਆਂ ਨੂੰ ਸਿੱਧੇ ਰਸਤੇ ਪਾ ਕੇ ਬਚਾਉਣ, ਬਿਮਾਰਾਂ ਨੂੰ ਸਫ਼ਾ ਬਖ਼ਸ਼ਣ ਤੇ ਦੁਖੀਆਂ ਦੇ ਦੁੱਖ ਵੰਡਾਉਣ।
 

ਜਦੋਂ ਉਨ੍ਹਾਂ ਨੇ ਇਸ ਜਗਤ ਨੂੰ ਤਾਰਨ ਵਾਸਤੇ ਸੇਵਾ ਆਰੰਭ ਕੀਤੀ ਤਾਂ ਹਰ ਤਰ੍ਹਾਂ ਦੇ ਦੁੱਖਾਂ ਨਾਲ ਜਕੜੇ ਹੋਏ ਲਾਚਾਰ ਲੋਕ ਉਨ੍ਹਾਂ ਦੇ ਦੁਆਲੇ ਜੁੜੇ ਰਹਿੰਦੇ। ਪ੍ਰਭੂ ਯਿਸੂ ਮਸੀਹ ਆਪਣੇ ਬਚਨਾਂ ਅਤੇ ਪਵਿੱਤਰ ਹੱਥਾਂ ਦੀ ਛੋਹ ਨਾਲ ਉਨ੍ਹਾਂ ਨੂੰ ਚੰਗਾਈ ਦਿੰਦੇ, ਸ਼ਾਂਤੀ ਅਤੇ ਇਤਮੀਨਾਨ ਬਖ਼ਸ਼ਦੇ। ਜਿਸ ਕੌਮ ਵਿਚ ਪ੍ਰਭੂ ਯਿਸੂ ਮਸੀਹ ਪੈਦਾ ਹੋਏ, ਉਹ ਯਹੂਦੀ ਕੌਮ ਸੀ। ਯਹੂਦੀ ਲੋਕ ਆਪਣੇ ਆਪ ਨੂੰ ਬਹੁਤ ਧਰਮੀ ਸਮਝਦੇ ਸਨ ਪਰ ਅਸਲੀਅਤ ਵਿਚ ਉਹ ਪਰਮੇਸ਼ਰ ਤੋਂ ਬਹੁਤ ਦੂਰ ਹੋ ਚੁੱਕੇ ਸਨ। ਉਨ੍ਹਾਂ ਦੇ ਧਾਰਮਿਕ ਕੰਮਾਂ ਵਿਚ ਕਈ ਤਰ੍ਹਾਂ ਦੇ ਪਖੰਡ ਅਤੇ ਵਿਖਾਵੇ ਆ ਚੁੱਕੇ ਸਨ।
 

ਪ੍ਰਭੂ ਯਿਸੂ ਮਸੀਹ ਨੇ ਯਹੂਦੀ ਕੌਮ ਵਿਚ ਘਰ ਕਰ ਚੁੱਕੇ ਇਨ੍ਹਾਂ ਧਾਰਮਿਕ ਪਖੰਡਾਂ ਤੇ ਵਿਖਾਵਿਆਂ ਦੀ ਸਖ਼ਤ ਸ਼ਬਦਾਂ 'ਚ ਨੁਕਤਾਚੀਨੀ ਕੀਤੀ ਅਤੇ ਉਨ੍ਹਾਂ ਨੂੰ ਪਰਮੇਸ਼ਰ ਦੀ ਸੱਚੀ ਉਪਾਸਨਾ ਕਰਨ ਲਈ ਪ੍ਰੇਰਿਆ। ਯਹੂਦੀ ਲੋਕ ਹਮੇਸ਼ਾ ਪ੍ਰਭੂ ਯਿਸੂ ਮਸੀਹ ਦੇ ਵਿਰੱਧ ਰਹਿੰਦੇ ਸਨ ਅਤੇ ਉਨ੍ਹਾਂ 'ਤੇ ਦੋਸ਼ ਲਗਾਏ ਕਿ ਉਹ ਪਾਪੀ ਤੇ ਬਦਨਾਮ ਲੋਕਾਂ ਦੇ ਘਰ ਆਉਂਦੇ-ਜਾਂਦੇ ਹਨ ਤੇ ਉਨ੍ਹਾਂ ਨਾਲ ਖਾਂਦੇ-ਪੀਂਦੇ ਹਨ। ਪ੍ਰਭੂ ਯਿਸੂ ਮਸੀਹ ਉੱਤਰ ਦਿੰਦੇ ਸਨ ਕਿ ਨਵੇਂ ਨਰੋਇਆਂ ਨੂੰ ਹਕੀਮ ਦੀ ਲੋੜ ਨਹੀਂ ਬਲਕਿ ਬਿਮਾਰਾਂ ਨੂੰ ਹਕੀਮ ਦੀ ਲੋੜ ਹੈ। ਉਹ ਕਹਿੰਦੇ ਸਨ ਕਿ ਉਹ ਇਸ ਸੰਸਾਰ ਵਿਚ ਗੁਆਚੇ ਹੋਇਆਂ ਨੂੰ ਭਾਲਣ ਅਤੇ ਬਚਾਉਣ ਵਾਸਤੇ ਆਏ ਹਨ। 
 

ਪ੍ਰਭੂ ਯਿਸੂ ਮਸੀਹ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਅਤੇ ਉਨ੍ਹਾਂ ਦੇ ਹੱਥਾਂ-ਪੈਰਾਂ ਵਿਚ ਕਿੱਲ ਠੋਕ ਕੇ ਸਲੀਬ 'ਤੇ ਟੰਗ ਦਿੱਤਾ। ਉਨ੍ਹਾਂ ਨੇ ਸਲੀਬ 'ਤੇ ਅਸਹਿ ਦੁੱਖ ਝੱਲਦੇ ਹੋਇਆਂ ਵੀ ਆਪਣੇ ਦੁਸ਼ਮਣਾਂ ਲਈ ਇਸ ਤਰ੍ਹਾਂ ਪ੍ਰਾਰਥਨਾ ਕੀਤੀ, ''ਹੇ ਪਿਤਾ (ਪਰਮੇਸ਼ਰ) ਉਨ੍ਹਾਂ ਨੂੰ ਮਾਫ਼ ਕਰ, ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ।''

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Birthday Of Jesus Christ