ਆਉਂਦੇ ਦਸੰਬਰ ਮਹੀਨੇ ਦੌਰਾਨ ਝਾਰਖੰਡ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਹੇਠਲੇ ਜਨਤਾ ਦਲ (ਯੂਨਾਈਟਿਡ) ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਇਹ ਜਾਣਕਾਰੀ ਇਸ ਮਾਮਲੇ ਨਾਲ ਜੁੜੇ ਕੁਝ ਸੂਤਰਾਂ ਨੇ ਦਿੱਤੀ।
ਇਹ ਦੋਵੇਂ ਪਾਰਟੀਆਂ ਕੇਂਦਰ ਵਿੱਚ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (NDA) ਦਾ ਹਿੱਸਾ ਹਨ ਤੇ ਬਿਹਾਰ ਵਿੱਚ ਵੀ ਉਨ੍ਹਾਂ ਦੀ ਗੱਠਜੋੜ ਸਰਕਾਰ ਚੱਲ ਰਹੀ ਹੈ।
ਝਾਰਖੰਡ ਦੇ ਮਾਮਲਿਆਂ ਨਾਲ ਜੁੜੇ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਝਾਰਖੰਡ ’ਚ ਜਨਤਾ ਦਲ–ਯੂ ਦੇ ਕਰਨ ਲਈ ਕੁਝ ਨਹੀਂ ਹੈ। ‘ਉਸ ਸੂਬੇ ਦੀਆਂ 81 ਵਿਧਾਨ ਸਭਾ ਸੀਟਾਂ ਵਿੱਚੋਂ 65 ਤੋਂ ਵੱਧ ਸੀਟਾਂ ਜਿੱਤਣ ਲਈ ਅਸੀਂ ਵੱਧ ਤੋਂ ਵੱਧ ਸੀਟਾਂ ਉੱਤੇ ਚੋਣ ਲੜਾਂਗੇ।’
ਝਾਰਖੰਡ ਦੀ ਸਥਾਪਨਾ ਨਵੰਬਰ 2000 ਦੌਰਾਨ ਹੋਈ ਸੀ। ਇਸ ਸੂਬੇ ਦੀ ਸਥਾਪਨਾ ਲਈ ਬਿਹਾਰ ਦੇ ਹਿੱਸਿਆਂ ਨੂੰ ਕੱਟਿਆ ਗਿਆ ਸੀ। ਤਦ ਤੋਂ ਲੈ ਕੇ ਹੁਣ ਤੱਕ ਤਿੰਨ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ ਤੇ ਕਦੇ ਵੀ ਨਾ ਤਾਂ ਭਾਜਪਾ ਜਾਂ ਜਨਤਾ ਦਲ–ਯੂ ਨੂੰ ਬਹੁਮੱਤ ਹਾਸਲ ਨਹੀਂ ਹੋ ਸਕਿਆ।
ਸਾਲ 2013 ਦੌਰਾਨ ਭਾਜਪਾ ਤੇ ਜਨਤਾ ਦਲ–ਯੂ ਭਾਈਵਾਲ ਸਨ ਪਰ ਸ੍ਰੀ ਨਿਤਿਸ਼ ਕੁਮਾਰ ਤਦ NDA ’ਚੋਂ ਬਾਹਰ ਹੋ ਗਏ ਸਨ। ਅਸਲ ’ਚ ਜਦੋਂ ਸਾਲ 2014 ਦੀਆਂ ਸੰਸਦੀ ਚੋਣਾਂ ਲਈ ਸ੍ਰੀ ਨਰਿੰਦਰ ਮੋਦੀ ਨੂੰ ਭਾਜਪਾ ਦੀ ਪ੍ਰਚਾਰ ਕਮੇਟੀ ਦਾ ਮੁਖੀ ਥਾਪਿਆ ਗਿਆ ਸੀ; ਤਦ ਸ੍ਰੀ ਨਿਤਿਸ਼ ਕੁਮਾਰ ਇਸ ਗੱਲ ਤੋਂ ਖ਼ਫ਼ਾ ਹੋ ਗਏ ਸਨ।
ਝਾਰਖੰਡ ’ਚ ਉਂਝ ਵੀ ਜਨਤਾ ਦਲ–ਯੂ ਦੇ ਉਭਾਰ ਦੀਆਂ ਸੰਭਾਵਨਾਵਾਂ ਹੌਲੀ–ਹੌਲੀ ਘਟਦੀਆਂ ਜਾ ਰਹੀਆਂ ਹਨ।