ਮਹਾਰਾਸ਼ਟਰ ’ਚ ਅਗਲੀ ਸਰਕਾਰ ਵਿੱਚ ਸੱਤਾ ਦੀ ਵੰਡ ਨੂੰ ਲੈ ਕੇ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਆਪਸੀ ਖਿੱਚੋਤਾਦ ਹੁਣ ਹੋਰ ਵੀ ਜ਼ਿਆਦਾ ਵਧ ਗਈ ਹੈ। ਐ਼ਤਵਾਰ ਨੂੰ ਭਾਜਪਾ ਨੇ ਤਿੰਨ ਆਜ਼ਾਦ ਵਿਧਾਇਕਾਂ ਨੂੰ ਆਪਣੇ ਨਾਲ਼ ਰਲ਼ਾ ਲਿਆ, ਜਦ ਕਿ ਸ਼ਿਵ ਸੈਨਾ ਨੇ ਦੋ ਨਿੱਕੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਆਪਣੇ ਵੱਲ ਕਰ ਲਿਆ। ਅੱਜ ਦੋਵੇਂ ਪਾਰਟੀਆਂ ਦੇ ਆਗੂ ਵੱਖੋ–ਵੱਖਰੇ ਤੌਰ ’ਤੇ ਰਾਜਭਵਨ ’ਚ ਜਾ ਕੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲੇ।
ਰਾਜ ਭਵਨ ਅਨੁਸਾਰ ਸ਼ਿਵ ਸੈਨਾ ਆਗੂ ਦਿਵਾਕਰ ਰਾਵਤੇ ਤੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ। ਭਾਜਪਾ ਪ੍ਰਧਾਨ ਅਮਿਤ ਸ਼ਾਹ 30 ਅਕਤੂਬਰ ਨੂੰ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਮਿਲ ਸਕਦੇ ਹਨ।
ਅਮਿਤ ਸ਼ਾਹ ਮੁੰਬਹੀ ’ਚ ਵਿਧਾਇਕ ਪਾਰਟੀ ਦੇ ਆਗੂ ਦੀ ਚੋਣ ਕਰਨ ਲਈ ਭਾਜਪਾ ਦੇ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ। ਭਾਜਪਾ ਨੂੰ ਹਮਾਇਤ ਦਾ ਐਲਾਨ ਕਰਨ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਵਿੱਚ ਗੀਤਾ ਜੈਨ, ਰਾਜੇਂਦਰ ਰਾਉਤ ਤੇ ਰਵੀ ਰਾਣਾ ਸ਼ਾਮਲ ਹਨ।
ਠਾਣੇ ਜ਼ਿਲ੍ਹੇ ’ਚ ਮੀਰਾ ਭਿਅੰਦਰ ਸੀਟ ਤੋਂ ਜਿੱਤੇ ਗੀਤਾ ਜੈਨ ਨੇ ਇੱਥੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਾਜਪਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ।
ਵਿਧਾਨ ਸਭਾ ਚੋਣਾਂ ’ਚ ਗੀਤਾ ਜੈਨ ਭਾਜਪਾ ਤੋਂ ਟਿਕਟ ਚਾਹ ਰਹੇ ਸਨ ਤੇ ਜਦੋਂ ਟਿਕਟ ਨਾ ਮਿਲੀ, ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਖਲੋ ਗਏ ਸਨ। ਗੀਤਾ ਜੈਨ ਨੇ ਭਾਜਪਾ ਦੇ ਉਮੀਦਵਾਰ ਨਰੇਂਦਰ ਮਹਿਤਾ ਨੂੰ ਹਰਾਇਆ।
ਉੱਧਰ ਰਾਜੇਂਦਰ ਰਾਉਤ ਵੀ ਭਾਜਪਾ ਤੋਂ ਬਾਗ਼ੀ ਹੋ ਕੇ ਆਜ਼ਾਦ ਉਮੀਦਵਾਰ ਬਣੇ ਸਨ ਤੇ ਉਨ੍ਹਾਂ ਸੋਲਾਪੁਰ ਜ਼ਿਲ੍ਹੇ ਦੀ ਬਰਸੀ ਸੀਟ ਤੋਂ ਸ਼ਿਵ ਸੈਨਾ ਦੇ ਅਧਿਕਾਰਤ ਉਮੀਦਵਾਰ ਦਲੀਪ ਸੋਪਾਲ ਨੂੰ ਹਰਾਇਆ ਸੀ।
ਇੰਝ ਹੀ ਰਵੀ ਰਾਣਾ ਨੇ ਅਮਰਾਵਤੀ ਜ਼ਿਲ੍ਹੇ ਦੀ ਬਡਨੇਰਾ ਸੀਟ ’ਤੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਪ੍ਰੀਤੀ ਬੰਦ (ਸ਼ਿਵ ਸੈਨਾ) ਨੂੰ ਹਰਾਇਆ ਸੀ। ਗੀਤਾ ਜੈਨ ਤੇ ਰਾਜੇਂਦਰ ਰਾਉਤ ਨੇ ਮੁੱਖ ਮੰਤਰੀ ਸ੍ਰੀ ਫੜਨਵੀਸ ਨਾਲ ਮੁਲਾਕਾਤ ਤੋਂ ਬਾਅਦ ਭਾਜਪਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ; ਜਦ ਕਿ ਰਵੀ ਰਾਣਾ ਨੇ ਚਿੱਠੀ ਲਿਖ ਕੇ ਆਪਣੀ ਹਮਾਇਤ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਅਚਲਪੁਰ ਤੋਂ ਵਿਧਾਇਕ ਬਾਚੂ ਕਾਡੂ ਤੇ ਉਨ੍ਹਾਂ ਦੇ ਸਹਿਯੋਗੀ ਤੇ ਮੇਲਘਾਟ ਤੋਂ ਵਿਧਾਇਕ ਰਾਜਕੁਮਾਰ ਪਟੇਲ ਨੇ ਸ਼ਿਵ ਸੈਨਾ ਨੂੰ ਹਮਾਇਤ ਦੇਣ ਦੀ ਪੇਸ਼ਕਸ਼ ਕੀਤੀ। ਦੋਵੇਂ ਸੀਟਾਂ ਵਿਦਰਭ ਦੇ ਅਮਰਾਵਤੀ ਜ਼ਿਲ੍ਹੇ ਦੀਆਂ ਹਨ।
ਸ਼ਿਵ ਸੈਨਾ ਹੁਣ ਵੇਖ ਰਹੀ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਦੇ ਅੰਕੜੇ ਪਿਛਲੀ ਵਾਰ ਜਿਹੇ ਨਹੀਂ ਹਨ। ਇਸੇ ਲਈ ਇੱਕ ਤਾਂ ਉਹ ਢਾਈ ਸਾਲਾਂ ਪਿੱਛੋਂ ਸੱਤਾ ਸੰਭਾਲਣ ਦੀ ਗੱਲ ਕਰ ਰਹੀ ਹੈ ਤੇ ਦੂਜੇ ਉੱਪ–ਮੁੱਖ ਮੰਤਰੀ ਦਾ ਅਹੁਦਾ ਵੀ ਚਾਹ ਰਹੀ ਹੈ। ਉਸ ਦਾ ਕਹਿਣਾ ਹੈ ਕਿ ਢਾਈ ਸਾਲ ਭਾਜਪਾ ਰਾਜ ਕਰੇ ਤੇ ਅਗਲੇ ਢਾਈ ਸਾਲ ਫਿਰ ਸ਼ਿਵ ਸੈਨਾ ਦਾ ਰਾਜ ਰਹੇ। ਸ਼ਿਵ ਸੈਨਾ ਦੇ ਆਗੂਆਂ ਦਾ ਦਾਅਵਾ ਹੈ ਕਿ ਭਾਜਪਾ ਦੇ ਪ੍ਰਧਾਨ ਅਮਿਤ ਸਾਹ ਨੇ ਉਨ੍ਹਾਂ ਨੂੰ ਇਸ ਸਮਝੌਤੇ ਲਈ ‘ਹਾਂ’ ਕੀਤੀ ਸੀ।