ਕਾਂਗਰਸੀ ਆਗੂ ਹਾਰਦਿਕ ਪਟੇਲ ਦੀ ਗ੍ਰਿਫ਼ਤਾਰੀ ਦੇ ਮਾਮਲੇ ’ਚ ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਉੱਤੇ ਸਿਆਸੀ ਨਿਸ਼ਾਨਾ ਵਿੰਨ੍ਹਿਆ। ਪ੍ਰਿਅੰਕਾ ਗਾਂਧੀ ਨੇ ਅੱਜ ਐਤਵਾਰ ਨੂੰ ਕਿਹਾ ਕਿ ਨੌਜਵਾਨਾਂ ਦੇ ਰੁਜ਼ਗਾਰ ਤੇ ਕਿਸਾਨਾਂ ਦੇ ਹੱਕ ਲਈ ਜੰਗ ਲੜਨ ਵਾਲੇ ਨੌਜਵਾਨ ਆਗੂ ਹਾਰਦਿਕ ਪਟੇਲ ਨੂੰ ਭਾਜਪਾ ਵਾਰ–ਵਾਰ ਪਰੇਸ਼ਾਨ ਕਰ ਰਹੀ ਹੈ।
ਹਾਰਦਿਕ ਪਟੇਲ ਨੇ ਆਪਣੇ ਸਮਾਜ ਦੇ ਲੋਕਾਂ ਲਈ ਆਵਾਜ਼ ਬੁਲੰਦ ਕੀਤੀ, ਉਨ੍ਹਾਂ ਲਈ ਨੌਕਰੀਆਂ ਮੰਗੀਆਂ, ਵਜ਼ੀਫ਼ੇ ਮੰਗੇ, ਕਿਸਾਨ ਅੰਦੋਲਨ ਕੀਤਾ। ਭਾਜਪਾ ਇਸ ਨੂੰ ਦੇਸ਼–ਧਰੋਹ ਆਖ ਰਹੀ ਹੈ।
ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਕੱਲ੍ਹ ਗੁਜਰਾਤ ਦੇ ਵੀਰਮਗਾਂਵ ਨੇੜੇ ਹਸਲਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹ ਨੂੰ ਦੇਸ਼–ਧ੍ਰੋਹ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਅਦਾਲਤ ਨੇ ਹਾਰਦਿਕ ਪਟੇਲ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ 24 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ। ਹਾਲਾਂਕਿ ਉਨ੍ਹਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਹਿਮਦਾਬਾਦ ਦੀ ਇਕ ਅਦਾਲਤ ਨੇ ਕਾਂਗਰਸ ਵਿੱਚ ਸ਼ਾਮਲ ਹੋਏ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਸਾਬਕਾ ਕਨਵੀਨਰ ਹਾਰਦਿਕ ਪਟੇਲ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਸੁਣਵਾਈ ਦੌਰਾਨ ਵਾਰ-ਵਾਰ ਗੈਰਹਾਜ਼ਰ ਰਹਿਣ ਕਾਰਨ ਅਜਿਹਾ ਕੀਤਾ ਹੈ।
ਅਹਿਮਦਾਬਾਦ ਦੇ ਜੀ.ਐੱਮ.ਡੀ.ਸੀ. ਗਰਾਉਂਡ ਵਿਖੇ ਵਿਸ਼ਾਲ ਪਾਟੀਦਾਰ ਪੱਖੀ ਰਾਖਵਾਂਕਰਨ ਰੈਲੀ ਤੋਂ ਬਾਅਦ ਹੋਏ ਸੂਬਾ ਪੱਧਰੀ ਭੰਨ–ਤੋੜ ਅਤੇ ਹਿੰਸਾ ਤੋਂ ਬਾਅਦ ਅਦਾਲਤ ਨੇ 25 ਅਗਸਤ 2015 ਨੂੰ ਇੱਕ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।
ਉਸੇ ਸਾਲ ਅਕਤੂਬਰ ਚ ਅਪਰਾਧ ਸ਼ਾਖਾ ਨੇ ਇੱਕ ਕੇਸ ਦਾਇਰ ਕੀਤਾ ਸੀ। ਇਸ ਚ ਕਈ ਸਰਕਾਰੀ ਬੱਸਾਂ, ਪੁਲਿਸ ਚੌਕੀਆਂ ਅਤੇ ਹੋਰ ਸਰਕਾਰੀ ਜਾਇਦਾਦ ਨੂੰ ਅੱਗ ਲਗਾਈ ਗਈ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਸਮੇਤ ਦਰਜਨ ਦੇ ਕਰੀਬ ਲੋਕ ਮਾਰੇ ਗਏ, ਜਿਨ੍ਹਾਂ ਚੋਂ ਬਹੁਤਿਆਂ ਦੀ ਮੌਤ ਪੁਲਿਸ ਦੀ ਗੋਲੀਬਾਰੀ ਕਾਰਨ ਹੋਈ।