ਭਾਜਪਾ ਨੇਤਾ ਮੁਕੁਲ ਰਾਏ ਸ਼ਨੀਵਾਰ ਨੂੰ ਸੀਬੀਆਈ ਦੇ ਸਾਹਮਣੇ ਨਾਰਦ ਟੇਪ ਘੁਟਾਲੇ ਦੀ ਜਾਂਚ ਦੇ ਸਬੰਧ ਵਿੱਚ ਸਵਾਲਾਂ ਦਾ ਸਾਹਮਣਾ ਕਰਨ ਲਈ ਪੇਸ਼ ਹੋਏ। ਏਜੰਸੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਰਾਏ ਨੂੰ ਸ਼ੁੱਕਰਵਾਰ ਨੂੰ ਜਾਂਚ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਪਰ ਉਹ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮਾਂ ਦਾ ਹਵਾਲਾ ਦਿੰਦੇ ਹੋਏ ਉਥੇ ਨਹੀਂ ਗਏ ਅਤੇ ਉਨ੍ਹਾਂ ਨੇ ਸਮਾਂ ਮੰਗਿਆ। ਸਾਬਕਾ ਰੇਲਵੇ ਮੰਤਰੀ ਨੂੰ ਮੁੜ ਸ਼ਨੀਵਾਰ ਨੂੰ ਆਉਣ ਲਈ ਕਿਹਾ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਰਾਏ (ਸ਼ਨੀਵਾਰ) ਦੁਪਹਿਰ ਕਰੀਬ 2.15 ਵਜੇ ਸੀਬੀਆਈ ਦਫ਼ਤਰ ਪਹੁੰਚੇ।
ਸੀਬੀਆਈ ਨੇ ਵੀਰਵਾਰ ਨੂੰ ਇਸ ਘੁਟਾਲੇ ਦੀ ਜਾਂਚ ਦੇ ਸਬੰਧ ਵਿੱਚ ਆਈਪੀਐਸ ਅਧਿਕਾਰੀ ਐਸਐਮਐਚ ਮਿਰਜ਼ਾ ਨੂੰ ਗ੍ਰਿਫ਼ਤਾਰ ਕੀਤਾ ਸੀ। ਸਾਲ 2016 ਵਿੱਚ ਇਹ ਟੇਪਾਂ ਸਾਹਮਣੇ ਆਉਣ ਤੋਂ ਬਾਅਦ ਇਹ ਪਹਿਲੀ ਗ੍ਰਿਫ਼ਤਾਰੀ ਹੈ।
ਫੁਟੇਜ ਵਿੱਚ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਮਿਲਦੇ ਜੁਲਦੇ ਲੋਕ ਲਾਭ ਦੇ ਬਦਲੇ ਇੱਕ ਜਾਅਲੀ ਕੰਪਨੀ ਦੇ ਨੁਮਾਇੰਦਿਆਂ ਤੋਂ ਪੈਸੇ ਲੈਂਦੇ ਹੋਏ ਨਜ਼ਰ ਆਏ ਸਨ।
ਰਾਏ ਨੂੰ ਕਥਿਤ ਤੌਰ ਉੱਤੇ ਮੈਥਿਊ ਸੈਮੂਅਲਜ਼ ਨਾਲ ਗੱਲਬਾਤ ਕਰਦੇ ਦਿਖਾਇਆ ਗਿਆ ਹੈ। ਰਾਏ ਉਸ ਸਮੇਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸਨ। ਸੈਮੂਅਲਜ਼ ਨੇ 2014 ਵਿੱਚ ਸਟਿੰਗ ਆਪ੍ਰੇਸ਼ਨ ਕਰਨ ਦਾ ਦਾਅਵਾ ਕੀਤਾ ਸੀ।