ਭਾਰਤੀ ਜਨਤਾ ਪਾਰਟੀ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਮੰਗਲਵਾਰ ਨੂੰ ਜੱਥੇਬੰਦਕ ਮਾਮਲਿਆਂ ਦੀ ਸਮੀਖਿਆ ਕਰਨ ਤੇ ਤਿੰਨ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰ ਸਕਦੇ ਹਨ।
ਇਸੇ ਵਰ੍ਹੇ ਹਰਿਆਣਾ, ਝਾਰਖੰਡ ਤੇ ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ। ਭਾਜਪਾ ਇਨ੍ਹਾਂ ਤਿੰਨੇ ਸੂਬਿਆਂ ਦੀ ਸੱਤਾ ਉੱਤੇ ਕਾਬਜ਼ ਹੈ ਤੇ ਹਾਲੀਆ ਲੋਕ ਸਭਾ ਚੋਣਾਂ ਵਿੱਚ ਵੀ ਉਸ ਨੇ ਇੱਥੇ ਸਾਰੀਆਂ ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ। ਉਸ ਦੇ ਸਾਹਮਣੇ ਹਰਿਆਣਾ ਵਿੱਚ ਕਾਂਗਰਸ, ਝਾਰਖੰਡ ਵਿੱਚ ਕਾਂਗਰਸ–ਝਾਰਖੰਡ ਮੁਕਤੀ ਮੋਰਚਾ ਗੱਠਜੋੜ ਅਤੇ ਮਹਾਰਾਸ਼ਟਰ ਵਿੱਚ ਕਾਂਗਰਸ–ਰਾਸ਼ਟਰੀ ਕਾਂਗਰਸ ਪਾਰਟੀ ਮੁੱਖ ਚੁਣੌਤੀਆਂ ਬਣੀਆਂ ਹੋਈਆਂ ਹਨ।
ਉੱਧਰ ਪੱਛਮੀ ਬੰਗਾਲ ਵਿੱਚ ਦੋ ਸਾਲਾਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਹੁਣੇ ਤੋਂ ਹੀ ਉੱਥੇ ਸਰਕਾਰ ਬਣਾਉਣ ਦੇ ਟੀਚੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਦੀ ਵੱਡੀ ਕਾਮਯਾਬੀ ਤੋਂ ਬਾਅਦ ਪਾਰਟੀ ਮੈਂਬਰਸ਼ਿਪ ਮੁਹਿੰਮ ਰਾਹੀਂ ਹਰ ਬੂਥ ਤੱਕ ਆਪਣੀ ਜੱਥੇਬੰਦੀ ਨੂੰ ਮਜ਼ਬੂਤ ਕਰਨ ਜਾ ਰਹੀ ਹੈ।
ਭਾਜਪਾ ਦੀ ਨਜ਼ਰ ਹੁਣ ਤੇਲੰਗਾਨਾ ਤੇ ਓੜੀਸ਼ਾ ਉੱਤੇ ਵੀ ਹੈ। ਇਨ੍ਹਾਂ ਸੁਬਿਆਂ ਵਿੱਚ ਚੋਣਾਂ ਭਾਵੇਂ ਚਾਰ ਤੋਂ ਪੰਜ ਸਾਲਾਂ ਵਿੱਚ ਹੋਣੀਆਂ ਹੋਣ ਪਰ ਪਾਰਟੀ ਨੂੰ ਉੱਥੇ ਬਿਹਤਰ ਸੰਭਾਵਨਾਵਾਂ ਵਿਖਾਈ ਦੇ ਰਹੀਆਂ ਹਨ।
ਮੈਂਬਰਸ਼ਿਪ ਮੁਹਿੰਮ ਤੇ ਜੱਥੇਬੰਦਕ ਮੁੱਦਿਆਂ ਨੂੰ ਲੈ ਕੇ ਭਾਜਪਾ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਪੱਛਮੀ ਬੰਗਾਲ, ਓੜੀਸ਼ਾ ਤੇ ਤੇਲੰਗਾਨਾ ਦੇ ਕੋਰ ਗਰੁੱਪ ਨਾਲ ਮੀਟਿੰਗਾਂ ਕੀਤੀਆਂ ਹਨ।