ਕੋਲਕਾਤਾ ਪੁਲਿਸ ਨੇ ਬੁੱਧਵਾਰ ਨੂੰ ਗਊ ਮੂਤਰ ਪਾਰਟੀ ਆਯੋਜਿਤ ਕਰਨ ਵਾਲੇ ਇੱਕ ਭਾਜਪਾ ਆਗੂ ਨੂੰ ਗ੍ਰਿਫ਼ਤਾਰ ਕੀਤਾ। ਦਰਅਸਲ, ਇਸ ਆਗੂ ਨੇ ਦਾਅਵਾ ਕੀਤਾ ਕਿ ਗਊ ਮੂਤਰ ਪੀਣ ਨਾਲ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ ਅਤੇ ਪਹਿਲਾਂ ਤੋਂ ਪੀੜਤ ਮਰੀਜ਼ ਵੀ ਇਸ ਨਾਲ ਠੀਕ ਹੋ ਜਾਣਗੇ। ਹਾਲਾਂਕਿ ਗਊ ਮੂਤਰ ਪੀਣ ਨਾਲ ਇੱਕ ਵਿਅਕਤੀ ਬਿਮਾਰ ਪੈ ਗਿਆ।
ਪੁਲਿਸ ਅਨੁਸਾਰ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਉੱਤਰੀ ਕੋਲਕਾਤਾ ਦੇ ਜੋਰਾਸਾਖੋ ਇਲਾਕੇ ਤੋਂ ਸਥਾਨਕ ਕਾਰਕੁਨ ਨਾਰਾਇਣ ਚਟਰਜ਼ੀ (40) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਤੇ ਸੋਮਵਾਰ ਨੂੰ ਨਾਰਾਇਣ ਚਟਰਜ਼ੀ ਨੇ ਇੱਕ ਗਊਸ਼ਾਲਾ 'ਚ ਗਊ ਪੂਜਾ ਦਾ ਪ੍ਰੋਗਰਾਮ ਆਯੋਜਿਤ ਕੀਤਾ ਅਤੇ ਗਊ ਮੂਤਰ ਵੰਡਿਆ।
ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਨੇ ਧਾਰਾ 269, 278 ਅਤੇ 114 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਚਟਰਜ਼ੀ ਦੀ ਗ੍ਰਿਫ਼ਤਾਰੀ 'ਤੇ ਸੂਬਾ ਭਾਜਪਾ ਲੀਡਰਸ਼ਿਪ ਨੇ ਸੂਬਾ ਸਰਕਾਰ ਦੀ ਨਿਖੇਧੀ ਕੀਤੀ ਹੈ। ਇਸ ਤੋਂ ਪਹਿਲਾਂ ਅਖਿਲ ਭਾਰਤੀ ਹਿੰਦੂ ਮਹਾਂਸਭਾ ਨੇ ਕੋਰੋਨਾ ਵਾਇਰਸ ਦੇ ਖਾਤਮੇ ਦੇ ਉਦੇਸ਼ ਨਾਲ ਦਿੱਲੀ 'ਚ ਗਊ ਮੂਤਰ ਪਾਰਟੀ ਦਾ ਆਯੋਜਨ ਕੀਤਾ ਸੀ।
ਪੁਲਿਸ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਭਾਜਪਾ ਕਾਰਕੁਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ 40 ਸਾਲਾ ਨਾਰਾਇਣ ਚਟਰਜ਼ੀ ਨੇ ਉੱਤਰੀ ਕੋਲਕਾਤਾ ਦੇ ਜੋਰਾਸਾਖੋ ਇਲਾਕੇ 'ਚ ਗਊ ਪੂਜਾ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਅਤੇ ਗਊ ਮੂਤਰ ਵੰਡਿਆ ਸੀ। ਇੱਥੇ ਇੱਕ ਸਮਾਜਸੇਵੀ ਨੇ ਗਊ ਮੂਤਰ ਪੀਤਾ ਸੀ ਅਤੇ ਬਿਮਾਰ ਪੈ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਚਟਰਜ਼ੀ ਵਿਰੁੱਧ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ।