ਇੱਥੇ ਸਰਕਾਰੀ ਹਸਪਤਾਲਾਂ ਦੇ ਆਮ ਮਰੀਜ਼ਾਂ ਦੀ ਸਹੂਲਤ ਲਈ ਖ਼ਾਸ ਡ੍ਰੋਨ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦਾ ਸਫ਼ਲ ਪਰੀਖਣ ਬੀਤੇ ਦਿਨੀਂ ਉਤਰਾਖੰਡ ਦੇ ਟੀਹਰੀ ਗੜ੍ਹਵਾਲ 'ਚ ਕੀਤਾ ਗਿਆ।
ਪਰੀਖਣ ਦੌਰਾਨ ਬਲੱਡ ਸੈਂਪਲ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਸੀਡੀ ਸਪੇਸ ਕੰਪਨੀ ਲੇ ਪਾਇਲਟ ਪ੍ਰੋਜੈਕਟ ਅਧੀਨ ਡ੍ਰੋਨ ਰਾਹੀਂ ਬਲੱਡ ਸੈਂਪਲ ਭੇਜਣ ਦਾ ਪਰੀਖਣ ਤੇ ਪ੍ਰਦਰਸ਼ਨ ਕੀਤਾ। ਡਰੋਨ ਹਵਾਈ ਜਹਾਜ਼ ਪ੍ਰਾਇਮਰੀ ਹੈਲਥ ਸੈਂਟਰ ਨੰਦਪ੍ਰਯਾਗ ਤੋਂ ਬਲੱਡ ਸੈਂਪਲ ਲੈ ਕੇ 32 ਕਿਲੋਮੀਟਰ ਦੂਰ ਸਥਿਤ ਜ਼ਿਲ੍ਹਾ ਹਸਪਤਾਲ ਵਿੱਚ ਸਿਰਫ਼ 18 ਮਿੰਟਾਂ ਵਿੱਚ ਪੁੱਜਾ।
ਇਹ ਡਰੋਨ ਹਵਾਈ ਜਹਾਜ਼ ਭਾਰਤ ਵਿੱਚ ਹੀ ਵਿਕਸਤ ਕੀਤਾ ਗਿਆ ਹੈ। ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਡਰੋਨ ਹੈ; ਇਸ ਦੀ ਕੀਮਤ 12 ਲੱਖ ਰੁਪਏ ਹੈ। ਇਹ ਬਹੁਤ ਛੇਤੀ ਉਡਾਣ ਭਰਦਾ ਤੇ ਲੈਂਡ ਕਰਦਾ ਹੈ। ਇਸ ਦੀ ਰੇਂਜ 50 ਕਿਲੋਮੀਟਰ ਹੈ। ਇਹ ਆਪਣੇ ਨਾਲ 400 ਗ੍ਰਾਮ ਤੱਕ ਵਜ਼ਨ ਲਿਜਾ ਸਕਦਾ ਹੈ।
ਇਸ ਨੂੰ ਚਲਾਉਣ ਲਈ ਦੋ ਜਣਿਆਂ ਦੀ ਜ਼ਰੂਰਤ ਪੈਂਦੀ ਹੈ। ਇਸ ਨਾਲ ਪਿੰਡਾਂ ਵਿੱਚ ਦਵਾਈਆਂ ਤੇ ਹੋਰ ਮੈਡੀਕਲ ਉਪਕਰਣ ਪਹੁੰਚਾਉਣੇ ਬਹੁਤ ਸੁਖਾਲੇ ਹੋ ਜਾਣਗੇ।