ਕੋਰੋਨਾ ਵਾਇਰਸ ਮਹਾਂਮਾਰੀ ਵਿਚਕਾਰ ਰੇਲ ਗੱਡੀ ਰਾਹੀਂ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਇੱਕ ਰਾਹਤ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਰੇਲਵੇ (ਆਈਆਰਸੀਟੀਸੀ) ਨੇ 230 ਵਿਸ਼ੇਸ਼ ਰੇਲ ਗੱਡੀਆਂ ਲਈ ਐਡਵਾਂਸ ਰਾਖਵਾਂਕਰਨ ਦੀ ਮਿਆਦ ਵਧਾਉਣ ਦਾ ਐਲਾਨ ਕੀਤਾ ਹੈ।
ਰੇਲਵੇ ਨੇ ਹੁਣ ਇਸ ਮਿਆਦ ਨੂੰ ਮੌਜੂਦਾ 30 ਦਿਨ ਤੋਂ ਵਧਾ ਕੇ 120 ਦਿ ਕਰਨ ਦਾ ਐਲਾਨ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਨਵਾਂ ਨਿਯਮ 31 ਮਈ ਨੂੰ ਸਵੇਰੇ 8 ਵਜੇ ਤੋਂ ਲਾਗੂ ਹੋਵੇਗਾ। ਨਾਲ ਹੀ ਰੇਲਵੇ ਨੇ ਮੌਜੂਦਾ ਸਮੇਂ ਚੱਲਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ 'ਚ ਤਤਕਾਲ ਟਿਕਟ ਬੁਕਿੰਗ ਨੂੰ ਮਨਜੂਰੀ ਦੇ ਦਿੱਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਮੌਜੂਦਾ ਸਮੇਂ ਚੱਲ ਰਹੀਆਂ ਸਾਰੀਆਂ ਰੇਲ ਗੱਡੀਆਂ ਅਤੇ 1 ਜੂਨ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ 'ਚ ਤਤਕਾਲ ਟਿਕਟਾਂ ਦੀ ਮਨਜ਼ੂਰੀ ਮਿਲ ਗਈ ਹੈ। ਦੱਸ ਦਈਏ ਕਿ ਫਿਲਹਾਲ ਰੇਲਵੇ 30 ਏਸੀ ਸਪੈਸ਼ਲ ਟਰੇਨਾਂ ਚਲਾ ਰਿਹਾ ਹੈ ਅਤੇ 1 ਜੂਨ ਤੋਂ 200 ਵਿਸ਼ੇਸ਼ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਭਾਰਤੀ ਰੇਲਵੇ ਦੀ ਨਵੀਂ ਨੋਟੀਫ਼ਿਕੇਸ਼ਨ ਦੇ ਅਨੁਸਾਰ ਆਮ ਟਾਈਮ ਟੇਬਲ ਮੁਤਾਬਕ ਇਨ੍ਹਾਂ ਰੇਲ ਗੱਡੀਆਂ 'ਚ ਤਤਕਾਲ ਬੁਕਿੰਗ ਤੇ ਪ੍ਰੀਮੀਅਮ ਤਤਕਾਲ ਬੁਕਿੰਗ ਦੇ ਨਿਯਮ ਲਾਗੂ ਹੋਣਗੇ। ਦੱਸ ਦੇਈਏ ਕਿ ਯਾਤਰੀ ਆਨਲਾਈਨ, ਰਿਜ਼ਰਵੇਸ਼ਨ ਕਾਊਂਟਰ ਅਤੇ ਸਾਂਝਾ ਸੇਵਾ ਕੇਂਦਰ ਆਦਿ ਰਾਹੀਂ ਟਿਕਟਾਂ ਬੁੱਕ ਕਰ ਸਕਦੇ ਹਨ।
ਜਾਣਕਾਰੀ ਅਨੁਸਾਰ ਸਿਰਫ਼ ਕਨਫ਼ਰਮ ਟਿਕਟ ਵਾਲੇ ਯਾਤਰੀਆਂ ਨੂੰ ਹੀ ਰੇਲਵੇ ਸਟੇਸ਼ਨ ਵਿੱਚ ਦਾਖਲ ਹੋਣ ਦੀ ਮਨਜੂਰੀ ਹੋਵੇਗੀ।
ਇਸ ਤੋਂ ਇਲਾਵਾ ਸਟੇਸ਼ਨ 'ਤੇ ਯਾਤਰੀਆਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਹੋਵੇਗੀ। ਦੱਸ ਦਈਏ ਕਿ ਇਨ੍ਹਾਂ 200 ਟਰੇਨਾਂ ਦੀਆਂ ਟਿਕਟਾਂ ਦੀ ਬੁਕਿੰਗ 21 ਮਈ ਤੋਂ ਸ਼ੁਰੂ ਹੋ ਚੁੱਕੀ ਹੈ।
ਯਾਤਰੀ 1 ਜੂਨ ਦੀ ਯਾਤਰਾ ਲਈ 31 ਮਈ ਨੂੰ ਸਵੇਰੇ 10 ਵਜੇ ਤੋਂ ਬਾਅਦ ਏਸੀ ਤਤਕਾਲ ਟਿਕਟਾਂ ਬੁੱਕ ਕਰ ਸਕਣਗੇ। ਨਾਨ-ਏਸੀ ਟਿਕਟਾਂ ਦੀ ਤਤਕਾਲ ਟਿਕਟ ਬੁਕਿੰਗ ਇਸ ਤੋਂ ਇੱਕ ਘੰਟੇ ਬਾਅਦ ਮਤਲਬ ਸਵੇਰੇ 11 ਵਜੇ ਸ਼ੁਰੂ ਹੁੰਦੀ ਹੈ।
ਟਰੇਨ ਦੇ ਸ਼ੁਰੂਆਤੀ ਸਟੇਸ਼ਨ 'ਤੇ 2 ਘੰਟੇ ਲੇਟ ਹੋਣ, ਰੂਟ ਬਦਲਣ, ਬੋਰਡਿੰਗ ਸਟੇਸ਼ਨ ਤੋਂ ਟਰੇਨ ਦੇ ਨਾ ਜਾਣ ਅਤੇ ਕੋਚ ਡੈਮੇਜ਼ ਹੋਣ ਜਾਂ ਬੁੱਕ ਟਿਕਟ ਵਾਲੀ ਕਲਾਸ 'ਚ ਯਾਤਰਾ ਦੀ ਸਹੂਲਤ ਨਾ ਮਿਲਣ 'ਤੇ ਤੁਹਾਨੂੰ 100% ਰਿਫੰਡ ਮਿਲ ਸਕਦਾ ਹੈ।
ਟਰੇਨ ਟਿਕਟ ਬੁਕਿੰਗ ਸ਼ੁਰੂ ਹੋਣ ਦੇ ਅੱਧੇ ਘੰਟੇ ਤਕ ਅਧਿਕਾਰਤ ਏਜੰਟ ਤਤਕਾਲ ਟਿਕਟਾਂ ਬੁੱਕ ਨਹੀਂ ਕਰ ਸਕਦੇ। ਸਿੰਗਲ ਯੂਜਰ ਆਈਡੀ ਤੋਂ ਇੱਕ ਦਿਨ 'ਚ ਸਿਰਫ਼ 2 ਤਤਕਾਲ ਟਿਕਟਾਂ ਬੁੱਕ ਹੋ ਸਕਦੀਆਂ ਹਨ। ਇੱਕ ਆਈਪੀ ਐਡ੍ਰੇਸ ਤੋਂ ਇੱਕ ਦਿਨ 'ਚ ਸਿਰਫ਼ 2 ਤਤਕਾਲ ਟਿਕਟਾਂ ਬੁੱਕ ਹੋਣਗੀਆਂ। ਨਵੇਂ ਨਿਯਮਾਂ ਦੇ ਤਹਿਤ ਤੁਸੀਂ ਕੁਝ ਸ਼ਰਤਾਂ ਨਾਲ ਤਤਕਾਲ ਟਿਕਟਾਂ 'ਤੇ 100% ਤਕ ਰਿਫੰਡ ਪ੍ਰਾਪਤ ਕਰ ਸਕਦੇ ਹੋ।