ਗ਼ਾਜ਼ੀਆਬਾਦ ’ਚ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਸ਼ਹਿਰ ’ਚ ਧਾਰਾ–144 ਲਾਗੂ ਹੋਣ ਦੇ ਬਾਵਜੂਦ ਲੌਕਡਾਊਨ ਦੀ ਉਲੰਘਣਾ ਕਰ ਕੇ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਵਿਆਹ ਕਰਵਾਉਣ ਜਾ ਰਹੇ ਇੱਕ ਲਾੜੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਲਾੜੇ ਸਮੇਤ 7 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਘਟਨਾ ਮੁਰਾਦਨਗਰ ਥਾਣਾ ਇਲਾਕੇ ਦੀ ਹੈ। ਪ੍ਰਾਪਤ ਜਾਦਕਾਰੀ ਮੁਤਾਬਕ 12 ਤੇ 13 ਅਪ੍ਰੈਲ ਦੀ ਰਾਤ ਨੂੰ ਰਾਵਲੀ ਰੋਡ ਨੈਸ਼ਨਲ ਹਾਈਵੇਅ ਨੰਬਰ 58 ’ਤੇ ਪੁਲਿਸ ਨੇ ਦੋ ਕਾਰਾਂ ਨੂੰ ਰੋਕ ਲਿਆ।
ਕਾਰ ’ਚ ਸਵਾਰ ਲੋਕਾਂ ਤੋਂ ਪੁੱਛਿਆ ਗਿਆ ਕਿ ਉਹ ਵਿਆਹ ਲਈ ਲਾੜੇ ਨੂੰ ਲੈ ਕੇ ਮੇਰਠ ਜਾ ਰਹੇ ਹਨ। ਤਦ ਪੁਲਿਸ ਨੇ ਉਨ੍ਹਾਂ ਤੋਂ ਵਿਆਹ ਦੀ ਇਜਾਜ਼ਤ ਬਾਰੇ ਦਸਤਾਵੇਜ਼ ਮੰਗੇ, ਤਾਂ ਉਨ੍ਹਾਂ ਕੋਲ ਅਜਿਹੀ ਕੋਈ ਪ੍ਰਵਾਨਗੀ ਨਹੀਂ ਸੀ।
ਤਦ ਲਾੜੇ ਤੇ ਉਸ ਦੇ ਨਾਲ ਦੇ ਬਾਕੀ ਸਾਰੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਰਾਤ ਵੇਲੇ ਸੜਕ ਉੱਤੇ ਕੋਈ ਸੁਰੱਖਿਆ ਕਰਮਚਾਰੀ ਨਹੀਂ ਹੋਵੇਗਾ। ਇਸ ਲਈ ਉਹ ਆਰਾਮ ਨਾਲ ਮੇਰਠ ਪੁੱਜ ਜਾਣਗੇ। ਅਗਲੇ ਦਿਨ ਵਿਆਹ ਤੋਂ ਬਾਅਦ ਮੇਰਠ ਤੋਂ ਵਾਪਸੀ ਵੀ ਰਾਤ ਨੂੰ ਹੀ ਕਰਨਗੇ ਤੇ ਪੁਲਿਸ ਦੀ ਨਜ਼ਰ ਤੋਂ ਬਚੇ ਰਹਿਣਗੇ।
ਪਰ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਡਰ ਕਾਰਨ ਕਿਤੇ ਵੀ ਇਕੱਠੇ ਹੋਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸ ਲਈ ਇਕੱਠ ’ਚ ਜਾਣ ਤੋਂ ਗੁਰੇਜ਼ ਕਰਨ ਦੀ ਲੋੜ ਹੈ।