ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰੁਤਬਾ ਦੇਣ ਵਾਲੀ ਧਾਰਾ 370 ਵਾਪਸ ਲੈਣ ਦੇ ਭਾਰਤ ਦੇ ਕਦਮ ਦੀ ਅਲੋਚਨਾ ਕਰਨ ਵਾਲੀ ਇਕ ਬ੍ਰਿਟਿਸ਼ ਸੰਸਦ ਮੈਂਬਰ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਇਥੇ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਉਸ ਕੋਲ ਜਾਇਜ਼ ਵੀਜ਼ਾ ਹੋਣ ਦੇ ਬਾਵਜੂਦ ਉਸ ਨੂੰ ਭਾਰਤ ਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਹੈ ਤੇ ਉਸ ਨੂੰ ਦੁਬਈ ਭੇਜ ਦਿੱਤਾ ਗਿਆ ਜਿੱਥੋਂ ਉਹ ਦਿੱਲੀ ਗਈ ਸੀ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਡੇਬੀ ਅਬਰਾਹਿਮ ਦੇ ਇਸ ਦਾਅਵੇ ਤੋਂ ਇਨਕਾਰ ਕੀਤਾ ਕਿ ਉਸ ਕੋਲ ਜਾਇਜ਼ ਵੀਜ਼ਾ ਹੈ ਤੇ ਕਿਹਾ ਕਿ ਉਸ ਨੂੰ (ਪਹਿਲਾਂ ਹੀ) ਦੱਸਿਆ ਗਿਆ ਸੀ ਕਿ ਉਸਦਾ ਈ-ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। ਕਸ਼ਮੀਰ ਵਿਖੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਪ੍ਰਧਾਨ ਅਬਰਾਹਿਮ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਲਈ ਵੈਧ ਈ-ਵੀਜ਼ਾ ਲੈ ਕੇ ਜਾ ਰਹੀ ਸੀ ਪਰ ਉਸ ਦਾ ਵੀਜ਼ਾ ਬਿਨਾਂ ਕੋਈ ਕਾਰਨ ਦੱਸੇ ਰੱਦ ਕਰ ਦਿੱਤਾ ਗਿਆ।
ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦਿੱਲੀ ਚ ਕਿਹਾ ਕਿ ਬ੍ਰਿਟਿਸ਼ ਸੰਸਦ ਮੈਂਬਰ ਨੂੰ ਸਹੀ ਢੰਗ ਨਾਲ ਸੂਚਿਤ ਕੀਤਾ ਗਿਆ ਸੀ ਕਿ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਅਤੇ ਉਹ ਇਸ ਬਾਰੇ ਜਾਣੂ ਹੋਣ ਦੇ ਬਾਵਜੂਦ ਦਿੱਲੀ ਆਈ।
ਅਬਰਾਹਿਮ ਨਾਲ ਸੰਪਰਕ ਕੀਤਾ ਗਿਆ ਤਾਂ ਪੀਟੀਆਈ ਨੂੰ ਦੱਸਿਆ ਕਿ 13 ਫਰਵਰੀ ਤੋਂ ਪਹਿਲਾਂ ਉਸ ਨੂੰ ਕੋਈ ਮੇਲ ਨਹੀਂ ਮਿਲਿਆ ਸੀ। ਉਸ ਨੇ ਕਿਹਾ ਕਿ ਉਦੋਂ ਤੋਂ ਉਹ ਯਾਤਰਾ ਕਰ ਰਹੀ ਹੈ ਤੇ ਆਪਣੇ ਦਫਤਰ ਤੋਂ ਦੂਰ ਹੈ।
ਬ੍ਰਿਟੇਨ ਵਿੱਚ ਉਸਦੇ ਦਫਤਰ ਨੇ ਪੁਸ਼ਟੀ ਕੀਤੀ ਕਿ ਉਹ ਦੁਬਈ ਜਾਣ ਵਾਲੀ ਉਡਾਣ ਵਿੱਚ ਸਵਾਰ ਹੋਈ ਸੀ ਜਿੱਥੋਂ ਉਹ ਸੋਮਵਾਰ ਨੂੰ ਦਿੱਲੀ ਪਹੁੰਚੀ। ਇਹ ਕਿਹਾ ਜਾਂਦਾ ਹੈ ਕਿ ਅਬਰਾਹਿਮ ਦਾ ਈ-ਵੀਜ਼ਾ ਅਕਤੂਬਰ ਚ ਜਾਰੀ ਕੀਤਾ ਗਿਆ ਸੀ ਅਤੇ ਅਕਤੂਬਰ 2020 ਤਕ ਵੈਧ ਸੀ।