Budget Session 2019: ਬੀਤੇ ਫ਼ਰਵਰੀ ਮਹੀਨੇ ਕੇਂਦਰ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਸੀ, ਉਸ ਵਿੱਚ ਸਿੱਖਿਆ ਖੇਤਰ ਨੂੰ ਭਾਵੇਂ ਕੋਈ ਖ਼ਾਸ ਤੋਹਫ਼ਾ ਨਾ ਮਿਲਿਆ ਹੋਵੇ ਪਰ ਮੁੱਖ ਬਜਟ ਵਿੱਚ ਉੱਚ ਸਿੱਖਿਆ ਸੰਸਥਾਨਾਂ ਲਈ ਰੱਖਿਆ ਧਨ 1 ਲੱਖ ਕਰੋੜ ਰੁਪਏ ਤੱਕ ਵੀ ਪੁੱਜ ਸਕਦਾ ਹੈ। ਅੰਤ੍ਰਿਮ ਬਜਟ ਵਿੱਚ ਸਿੱਖਿਆ ਲਈ 93.84 ਹਜ਼ਾਰ ਕਰੋੜ ਰੁਪਏ ਰੱਖੇ ਗਏ ਸਨ।
ਪਿਛਲੇ ਵਰ੍ਹੇ ਸਿੱਖਿਆ ਲਈ 85,010 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਮੁਤਾਬਕ ਨਵੇਂ ਐੱਚਆਰਡੀ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਅਹੁਦਾ ਸੰਭਾਲਣ ਤੋਂ ਬਾਅਦ ਹੀ ਉੱਚ–ਸਿੱਖਿਆ ਸੰਸਥਾਨਾਂ ਵਿੱਚ ਖ਼ਾਲੀ ਪਈਆਂ ਆਸਾਮੀਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
ਸ੍ਰੀ ਨਿਸ਼ੰਕ ਇਨ੍ਹਾਂ ਆਸਾਮੀਆਂ ਨੂੰ ਛੇਤੀ ਪੁਰ ਕੀਤੇ ਜਾਣ ਦੇ ਸਮਰਥਕ ਹਨ। ਮੰਤਰਾਲੇ ਦੇ ਸੰਕੇਤ ਤੋਂ ਬਾਅਦ ਯੂਨੀਵਰਸਿਟੀਜ਼ ਗ੍ਰਾਂਟਸ ਕਮਿਸ਼ਨ ਨੇ ਵੀ ਸਾਰੀਆਂ ਯੂਨੀਵਰਸਿਟੀਜ਼ ਨੂੰ ਅਧਿਆਪਕਾਂ ਦੀਆਂ ਖ਼ਾਲੀ ਪਈਆਂ ਆਸਾਮੀਆਂ ਛੇ ਮਹੀਨਿਆਂ ਅੰਦਰ ਭਰਨ ਦੀ ਹਦਾਇਤ ਵੀ ਜਾਰੀ ਕੀਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਉੱਚ ਸਿੱਖਿਆ ਲਈ ਬਜਟ ਵਿੱਚ ਇਸ ਵਾਰ ਕੁਝ ਵਧੇਰੇ ਧਨ ਰੱਖਿਆ ਜਾ ਸਕਦਾ ਹੈ। ਅੰਤ੍ਰਿਮ ਬਜਟ ਵਿੱਚ ਉਚੇਰੀ ਸਿੱਖਿਆ ਲਈ 37,461.01 ਕਰੋੜ ਰੁਪਏ ਰੱਖੇ ਗਏ ਸਨ।
ਅੰਤ੍ਰਿਮ ਬਜਟ ਵਿੱਚ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਪਿਛਲੇ ਵਰ੍ਹੇ ਦੇ ਮੁਕਾਬਲੇ ਕੇਵਲ 10 ਫ਼ੀ ਸਦੀ ਦਾ ਵਾਧਾ ਕੀਤਾ ਸੀ।