ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਅੱਜ ਦੇਸ਼ ਦਾ ਆਮ ਸਾਲਾਨਾ ਬਜਟ 2020-21 ਪੇਸ਼ ਕੀਤਾ। ਬਜਟ 'ਚ ਨਵਾਂ ਪੈਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਗਿਆ ਹੈ।
ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਆਧਾਰ ਕਾਰਡ ਦੇ ਆਧਾਰ 'ਤੇ ਪੈਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਆਸਾਨ ਬਣਾਉਣ ਲਈ ਇੱਕ ਨਵੀਂ ਯੋਜਨਾ ਲਿਆਈ ਜਾਵੇਗੀ। ਇਸ ਨਾਲ ਅਰਜ਼ੀਦਾਤਾ ਨੂੰ ਤੁਰੰਤ ਪੈਨ ਨੰਬਰ ਦੇ ਦਿੱਤਾ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਆਧਾਰ ਕਾਰਡ ਦੇ ਅਧਾਰ 'ਤੇ ਤੁਰੰਤ ਪੈਨ ਨੰਬਰ ਜਾਰੀ ਕਰਨ ਦੀ ਪ੍ਰਕਿਰਿਆ ਛੇਤੀ ਸ਼ੁਰੂ ਕੀਤੀ ਜਾਵੇਗੀ। ਇਸ ਦੇ ਲਈ ਕੋਈ ਫਾਰਮ ਭਰਨ ਦੀ ਜ਼ਰੂਰਤ ਨਹੀਂ ਪਵੇਗੀ। ਇਸ ਤੋਂ ਇਲਾਵਾ ਟੈਕਸਦਾਤਾਵਾਂ ਦਾ ਆਧਾਰ ਕਾਰਡ ਨਾਲ ਲਿੰਕ ਦੀ ਪ੍ਰਕਿਰਿਆ ਨੂੰ ਛੇਤੀ ਮੁਕੰਮਲ ਕਰ ਲਿਆ ਜਾਵੇਗਾ।
ਉੱਥੇ ਹੀ ਪ੍ਰਤੱਖ ਟੈਕਸ 'ਚ ਮੁਕੱਦਮੇਬਾਜ਼ੀ ਨੂੰ ਘੱਟ ਕਰਨ ਲਈ 'ਵਿਵਾਦ ਤੋਂ ਵਿਸ਼ਵਾਸ' ਸਕੀਮ ਲਿਆਂਦੀ ਜਾਵੇਗੀ। ਇਹ 30 ਜੂਨ 2020 ਤੱਕ ਜਾਰੀ ਰਹੇਗੀ। ਇਸ ਤੋਂ ਇਲਾਵਾ ਹੁਣ ਟੈਕਸਦਾਤਾਵਾਂ ਦੀ ਪਛਾਣ ਆਧਾਰ ਕਾਰਡ ਰਾਹੀਂ ਕੀਤੀ ਜਾਵੇਗੀ। ਰਿਫੰਡ ਇਲੈਕਟ੍ਰਾਨਿਕ ਪ੍ਰਣਾਲੀ ਦੁਆਰਾ ਜਾਰੀ ਕੀਤੇ ਜਾਣਗੇ।