ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਬੁਰਾੜੀ ਕਾਂਡ ਚ 11 ਲੋਕਾਂ ਦੀ ਸ਼ੱਕੀ ਹਾਲਾਤਾਂ ਚ ਮੌਤ ਹੋਣ ਦੇ ਮਾਮਲੇ ਚ ਵਿਸਰਾ (ਵੱਡੀ ਆਂਦਰ) ਰਿਪੋਰਟ ਆ ਗਈ ਹੈ। ਇਸ ਵਿਚ ਮ੍ਰਿਤਕਾਂ ਦੇ ਸਰੀਰ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਹਿਰੀਲਾ ਪਦਾਰਥ ਨਾ ਮਿਲਣ ਦੀ ਪੁਸ਼ਟੀ ਹੋਈ ਹੈ।
ਬੁਰਾੜੀ ਕਾਂਡ ਚ ਇਸ ਰਿਪੋਰਟ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਸਮੂਹਿਕ ਕਤਲਕਾਂਡ ਦੁਰਘਟਨਾ ਵਜੋਂ ਹੋਈ ਸੀ। ਇਸ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਸਾਜਿਸ਼ ਨਹੀਂ ਸੀ। ਵਿਸਰਾ ਰਿਪੋਰਟ ਆਉਣ ਦੀ ਪੁਸ਼ਟੀ ਮਾਮਲੇ ਦੀ ਜਾਂਚ ਕਰ ਰਹੀ ਕ੍ਰਾਈਮ ਬ੍ਰਾਂਚ ਦੀ ਟੀਮ ਦੀ ਅਗਵਾਈ ਕਰ ਰਹੇ ਡੀਸੀਪੀ ਜਵਾਏ ਟਿਰਕੀ ਨੇ ਕੀਤੀ।
ਡੀਸੀਪੀ ਜਵਾਏ ਨੇ ਕਿਹਾ ਕਿ ਪੋਸਟ ਮਾਰਟਮ ਰਿਪੋਰਟ ਮਗਰੋਂ ਵਿਸਰਾ ਰਿਪੋਰਟ ਚ ਵੀ ਇਹ ਸਾਫ ਹੋ ਗਿਆ ਹੈ ਕਿ ਮੌਤ ਦਾ ਕਾਰਨ ਕੁੱਝ ਹੋਰ ਨਹੀਂ ਹੈ। ਪੋਸਟਮਾਰਟਮ ਰਿਪੋਰਟ ਚ ਵੀ ਮ੍ਰਿਤਕਾਂ ਚੋਂ ਕੁਝ ਲੋਕਾਂ ਦੇ ਢਿੱਡ ਖਾਲੀ ਪਾਏ ਗਏ ਸਨ ਜਦਕਿ ਕੁਝ ਦੇ ਢਿੱਡ ਚ ਮਾੜਾ ਮੋਟਾ ਖਾਣਾ ਸੀ। ਇਹ ਖਾਣਾ ਪਚਿਆ ਨਹੀਂ ਸੀ। ਪੁਲਿਸ ਨੇ ਵਿਸਰਾ ਰਿਪੋਰਟ ਤੋਂ ਇਲਾਵਾ ਸਾਈਕਲੋਜੀਕਲ ਅਟਾਪਸੀ ਕਰਵਾਈ ਤਾਂਕਿ ਮੌਤ ਦਾ ਕਾਰਨ ਪੂਰੀ ਤਰ੍ਹਾਂ ਸਾਫ ਹੋ ਜਾਵੇ।
ਦੱਸਣਯੋਗ ਹੈ ਕਿ 1 ਜੁਲਾਈ ਨੂੰ ਦਿੱਲੀ ਦੇ ਬੁਰਾੜੀ ਇਲਾਕੇ ਦੇ ਸੰਤ ਨਗਰ ਚ ਭਾਟੀਆ ਪਰਿਵਾਰ ਦੇ 11 ਮੈਂਬਰ ਘਰ ਚ ਮ੍ਰਿਤ ਮਿਲੇ ਸਨ। ਪਰਿਵਾਰ ਦੇ 10 ਮੈਂਬਰ ਫਾਹੇ ਤੇ ਲਟਕੇ ਮਿਲੇ ਸਨ ਜਦਕਿ ਪਰਿਵਾਰ ਦੀ ਸਭ ਤੋਂ ਬਜ਼ੁਰਗ 77 ਸਾਲਾ ਨਾਰਾਇਣ ਦੇਵੀ ਦੀ ਦੇਹ ਦੂਜੇ ਕਮਰੇ ਚ ਫਰਸ਼ ਤੇ ਪਈ ਮਿਲੀ ਸੀ।
/