ਅੱਜ ਬੁਰਹਾਨ ਵਾਨੀ ਦੀ ਤੀਜੀ ਬਰਸੀ ਹੈ ਤੇ ਇਸ ਮੌਕੇ ਕੇਂਦਰ ਸਰਕਾਰ ਕਿਸੇ ਤਰ੍ਹਾਂ ਦਾ ਕੋਈ ਜੋਖਮ ਨਹੀਂ ਲੈਣਾ ਚਾਹੁੰਦੀ; ਇਸੇ ਲਈ ਸਮੁੱਚੀ ਕਸ਼ਮੀਰ ਵਾਦੀ ਵਿੱਚ ਸੁਰੱਖਿਆ ‘ਅਲਰਟ’ ਜਾਰੀ ਕਰ ਦਿੱਤਾ ਗਿਆ ਹੈ।
ਜੰਮੂ–ਕਸ਼ਮੀਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਦੇ ਤਿੰਨ ਵਰ੍ਹੇ ਅੱਜ ਮੁਕੰਮਲ ਹੋਣ ਮੌਕੇ ਐਤਵਾਰ ਨੂੰ ਹੀ ਸੁਰੱਖਿਆ ਇੰਤਜ਼ਾਮ ਬਹੁਤ ਸਖ਼ਤ ਕਰ ਦਿੱਤੇ ਗਏ ਸਨ।
ਬੁਰਹਾਨ ਵਾਨੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕੇਰਨਾਗ ਵਿਖੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ 8 ਜੁਲਾਈ, 2016 ਨੂੰ ਮਾਰਿਆ ਗਿਆ ਸੀ।
ਬੁਰਹਾਨ ਦੀ ਮੌਤ ਤੋਂ ਬਾਅਦ ਸਮੁੱਚੀ ਕਸ਼ਮੀਰ ਵਾਦੀ ਵਿੱਚ ਬਹੁਤ ਜ਼ਿਆਦਾ ਰੋਸ ਮੁਜ਼ਾਹਰੇ ਹੋਏ ਸਨ। ਇਸ ਤੋਂ ਬਾਅਦ ਸੁਰੱਖਿਆ ਬਲਾਂ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਸੰਘਰਸ਼ਾਂ ਦੌਰਾਨ ਚਾਰ ਮਹੀਨਿਆਂ ਤੋਂ ਵੀ ਵੱਧ ਸਮੇਂ ਦੌਰਾਨ 85 ਵਿਅਕਤੀ ਮਾਰੇ ਗਏ ਸਨ।
ਇਸੇ ਲਈ ਅਧਿਕਾਰੀਆਂ ਨੇ ਅਹਿਤਿਆਤ ਵਜੋਂ ਦੱਖਣੀ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਅਨੰਤਨਾਗ, ਕੁਲਗਾਮ, ਪੁਲਵਾਮਾ ਤੇ ਸ਼ੋਪੀਆਂ ਵਿਖੇ ਮੋਬਾਇਲ ਇੰਟਰਨੈੱਟ ਸੇਵਾ ਬੰਦ ਕਰਵਾ ਦਿੱਤੀ ਹੈ।
ਜੰਮੂ–ਕਸ਼ਮੀਰ ਦੇ ਡੀਜੀਪੀ ਦਿਲਬਾਗ਼ ਸਿੰਘ ਨੇ ਦੱਸਿਆ ਕਿ ਬਰਸੀ ਦਾ ਦਿਨ ਸ਼ਾਂਤੀਪੂਰਬਕ ਨਿੱਕਲ ਜਾਵੇ, ਇਸ ਲਈ ਸਾਰੇ ਲੋੜੀਂਦੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਰਨਾਥ ਯਾਤਰਾ ਉੱਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ।
ਇਸ ਦੌਰਾਨ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ੍ਰੀਨਗਰ–ਜੰਮੂ ਰਾਸ਼ਟਰੀ ਰਾਜਮਾਰਗ ਤੋਂ ਸੋਮਵਾਰ ਨੂੰ ਸੁਰੱਖਿਆ ਬਲਾਂ ਦੇ ਕਾਫ਼ਲੇ ਨੂੰ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਫ਼ੈਸਲਾ ਬੁਰਹਾਨ ਵਾਨੀ ਦੀ ਬਰਸੀ ਕਾਰਨ ਲਿਆ ਗਿਆ ਹੈ।