ਤਿੰਨ ਤਲਾਕੇ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਹਲਾਲਾ ਕਰਨ ਵਾਲਾ ਵਿਅਕਤੀ ਔਰਤ ਨੂੰ ਤਲਾਕ ਦੇਣ ਤੋਂ ਮੁਕਰ ਗਿਆ ਹੈ। ਹਲਾਲਾ ਕਰਨ ਵਾਲੇ 65 ਸਾਲ ਦੇ ਬਜ਼ੁਰਗ ਦਾ ਦਿਲ ਉਕਤ ਔਰਤ ਤੇ ਆ ਗਿਆ ਹੈ। ਹੁਣ ਇਸ ਔਰਤ ਦਾ ਪਹਿਲਾ ਪਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਦੂਜੇ ਪਾਸੇ ਔਰਤ ਨੇ ਵੀ ਹਲਾਲਾ ਕਰਨ ਵਾਲੇ ਤੋਂ ਖੈੜ੍ਹਾ ਛਡਾਉਣ ਲਈ ਮਦਦ ਹੰਭਲਾ ਮਾਰਿਆ ਹੈ।
ਜਾਣਕਾਰੀ ਮੁਤਾਬਕ ਉਤਰਾਖੰਡ ਦੇ ਖਟੀਮਾ ਨਿਵਾਸੀ ਜੂਹੀ ਦਾ ਵਿਆਹ ਖਟੀਮਾ ਦੇ ਹੀ ਮੁਹੰਮਦ ਜਾਵੇਦ ਨਾਲ ਸਾਲ 2010 ਚ ਹੋਇਆ ਸੀ। ਪਤੀ-ਪਤਨੀ ਵਿਚਾਲੇ ਕਿਸੇ ਮਾਮੂਲੀ ਗੱਲ ਤੇ ਝੱਗੜਾ ਹੋਣ ਮਗਰੋਂ ਦੋਨਾਂ ਚ 2013 ਚ ਤਲਾਕ ਹੋ ਗਿਆ। ਕੁੱਝ ਦਿਨਾਂ ਮਗਰੋਂ ਦੋਨਾਂ ਨੇ ਮੁੜ ਤੋਂ ਇਕੱਠਿਆਂ ਰਹਿਣ ਬਾਰੇ ਫੈਸਲਾ ਕਰ ਲਿਆ। ਜਿਸ ਲਈ ਲਾਜ਼ਮੀ ਹਲਾਲਾ ਦੀ ਰਸਮ ਅਦਾ ਕਰਨ ਲਈ ਬਰੇਲੀ ਦੇ ਇੱਕ 65 ਸਾਲਾ ਬਜ਼ੁਰਗ ਨਾਲ ਸਹਿਮਤੀ ਬਣੀ। ਨਵੰਬਰ 2016 ਚ ਜੂਹੀ ਨਾਲ ਬਜ਼ੁਰਗ ਨੇ ਹਲਾਲਾ ਦੀ ਰਸਮ ਅਦਾ ਕੀਤੀ ਇਸ ਸ਼ਰਤ ਤੇ ਕਿ ਉਕਤ ਬਜ਼ੁਰਗ ਹਲਾਲਾ ਕਰਨ ਮਗਰੋਂ ਔਰਤ ਨੂੰ ਤਲਾਕ ਦੇ ਦੇਵੇਗਾ ਪਰ ਬਜ਼ੁਰਗ ਦੀ ਨੀਅਤ ਵਿਗੜ ਗਈ ਤੇ ਉਸਨੇ ਔਰਤ ਨੂੰ ਤਲਾਕ ਦੇਣ ਤੋਂ ਮਨ੍ਹਾਂ ਕਰ ਦਿੱਤਾ ਤੇ ਔਰਤ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ।
ਜੂਹੀ ਅਤੇ ਜਾਵੇਦ ਦੇ ਦੋ ਬੇਟੇ ਹਨ। ਤਿੰਨ ਤਲਾਕ ਮਗਰੋਂ ਇੱਕ ਬੇਟਾ ਪਿਤਾ ਅਤੇ ਦੂਜਾ ਮਾਂ ਕੋਲ ਆ ਗਿਆ ਸੀ। ਦੋਵੇਂ ਬੱਚੇ ਮਾਂ ਪਿਓ ਦੀ ਯਾਦ ਚ ਰੋਂਦੇ ਰਹਿੰਦੇ ਹਨ। ਜਿਸ ਕਾਰਨ ਦੋਨਾਂ ਪਤੀ ਪਤਨੀ ਨੇ ਮੁੜ ਤੋਂ ਇਕੱਠਿਆਂ ਰਹਿਣ ਦਾ ਫੈਸਲਾ ਕਰ ਲਿਆ।
ਦਰਗਾਹ ਆਲਾ ਹਜਰਤ ਦੇ ਮੁਫਤੀ ਗੁਲਾਮ ਮੁਸਤਫਾ ਰਜਵੀ ਮੁਤਾਬਕ ਸ਼ਰੀਅਤ ਮੁਤਾਬਕ ਹਲਾਲਾ ਕਰਨ ਵਾਲਾ ਵਿਅਕਤੀ ਜਦੋਂ ਤੱਕ ਤਲਾਕ ਨਾ ਦੇ ਦੇਵੇ ਪਤੀ ਬਣਿਆ ਰਹੇਗਾ। ਇੱਕ ਸ਼ਰਤ ਇਹ ਵੀ ਹੈ ਕਿ ਹਲਾਲਾ ਦੌਰਾਨ ਇਹ ਕਹਿ ਕੇ ਨਿਕਾਹ ਕੀਤਾ ਸੀ ਕਿ ਅਗਲੇ ਦਿਨ ਤਲਾਕ ਦੇਣਗੇ ਤਾਂ ਦੋਨਾਂ ਦਾ ਨਿਕਾਹ ਆਪਣੇ ਆਪ ਖਤਮ ਹੋ ਜਾਵੇਗਾ। ਸ਼ਰਤ ਨਾ ਹੋਣ ਦੇ ਬਦਲ ਚ ਪਤਨੀ ਦਾ ਰਿਸ਼ਤਾ ਜਾਰੀ ਰਹੇਗਾ।
ਮੇਰਾ ਹੱਕ ਫਾਊਂਡੇਸ਼ਨ ਦੇ ਪ੍ਰਧਾਨ ਫਰਹਤ ਨਕਵੀ ਨੇ ਕਿਹਾ ਹੈ ਕਿ ਪੀੜਤ ਔਰਤ ਨੇ ਜਦੋਂ ਮੇਰੇ ਕੋਲ ਆ ਕੇ ਹੱਡਬੀਤੀ ਸੁਣਾਈ ਤਾਂ ਹਲਾਲਾ ਕਰਨ ਵਾਲੇ ਨਾਲ ਮੈਂ ਫ਼ੋਨ ਤੇ ਗੱਲਬਾਤ ਕੀਤੀ। ਉਸਨੇ ਫ਼ੋਨ ਤੇ ਦੱਸਿਆ ਕਿ ਔਰਤ ਨੇ ਮੈਨੂੰ ਧੋਖਾ ਦਿੱਤਾ ਹੈ। ਨਿਕਾਹ ਮਗਰੋਂ ਔਰਤ ਮੇਰੇ ਕੋਲ ਵੀ ਨਹੀਂ ਆਈ। ਮੈਂ ਸ਼ਰੀਅਤ ਮੁਤਾਬਕ ਨਿਕਾਹ ਕੀਤਾ। ਹਲਾਲਾ ਕਰਨ ਵਾਲੇ ਨੂੰ ਜਦੋਂ ਗੱਲਬਾਤ ਲਈ ਸੱਦਿਆ ਤਾਂ ਉਸਨੇ ਕਿਹਾ ਕਿ ਮੈਂ ਜੇਲ੍ਹ ਚਲਾ ਜਾਵਾਂਗਾ ਪਰ ਮਾਮਲੇ ਚ ਗੱਲਬਾਤ ਨਹੀਂ ਕਰਾਂਗਾ।