ਕੁਰੂਕਸ਼ੇਤਰ ਨੇੜੇ ਰਾਸ਼ਟਰੀ ਰਾਜਮਾਰਗ 44 `ਤੇ ਮੰਗਲਵਾ ਤੜਕੇ ਇੱਕ ਸੜਕ ਹਾਦਸੇ ਦੌਰਾਨ ਭਾਰਤੀ ਫ਼ੌਜ ਦੇ ਕੈਪਟਨ ਕਸਿ਼ਤਿਜ ਕਾਲੀਆ (28) ਦੀ ਮੌਤ ਹੋ ਗਈ, ਜਦ ਕਿ ਮੇਜਰ ਹਿਤੇਸ਼ ਕਾਕਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਦੋਵਾਂ ਨੂੰ ਤੁਰੰਤ ਪਹਿਲਾ ਕੁਰੂਕਸ਼ੇਤਰ ਦੇ ਇੱਕ ਪ੍ਰਾਈਵੇਟ ਹਸਪਤਾਲ ਅਤੇ ਬਾਅਦ `ਚ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਲਿਜਾਂਦਾ ਗਿਆ। ਕੈਪਟਨ ਕਾਲੀਆ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਦ ਕਿ ਗੰਭੀਰ ਜ਼ਖ਼ਮੀ ਮੇਜਰ ਕਾਕਰਨ ਨੂੰ ਚੰਡੀਗੜ੍ਹ ਸਥਿਤ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ। ਮੇਜਰ ਕਾਲੀਆ ਦਿੱਲੀ ਦੇ ਦਵਾਰਕਾ ਇਲਾਕੇ ਦੇ ਵਸਨੀਕ ਸਨ ਅਤੇ ਇਸ ਵੇਲੇ ਹਿਸਾਰ ਵਿਖੇ ਤਾਇਨਾਤ ਸਨ। ਮੇਜਰ ਕਾਕਰਨ ਹਰਿਦੁਆਰ ਦੇ ਜੰਮਪਲ਼ ਹਨ ਤੇ ਇਸ ਵੇਲੇ ਉਹ ਜੰਮੂ `ਚ ਤਾਇਨਾਤ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਉਹ ਹਿਮਾਚਲ ਪ੍ਰਦੇਸ਼ `ਚ ਛੁੱਟੀਆਂ ਮਨਾ ਕੇ ਪਰਤ ਰਹੇ ਸਨ।
ਪੁਲਿਸ ਅਨੁਸਾਰ ਕੋਈ ਭਾਰੀ ਵਾਹਨ ਉਨ੍ਹਾਂ ਦੀ ਕੰਪਾਸ ਜੀਪ ਵਿੱਚ ਵੱਜਾ ਜਾਪਦਾ ਹੈ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਕੈਪਟਨ ਕਾਲੀਆ ਦੇ ਪਿਤਾ ਵੀਰੇਂਦਰ ਕਾਲੀਆ ਤੇ ਉਨ੍ਹਾਂ ਦੀ ਮਾਂ ਨੀਲਮ ਕਾਲੀਆ ਤੁਰੰਤ ਕੁਰੂਕਸ਼ੇਤਰ ਪੁੱਜੇ।