ਦਿੱਲੀ ਨਾਲ ਲੱਗਦੇ ਗ੍ਰੇਟਰ ਨੌਇਡਾ ’ਚ ਬਹੁਤ ਜ਼ਿਆਦਾ ਸੰਘਣੀ ਧੁੰਦ ਕਾਰਨ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ; ਜਿਸ ਵਿੱਚ ਛੇ ਵਿਅਕਤੀ ਮਾਰੇ ਗਏ। ਮ੍ਰਿਤਕਾਂ ’ਚ ਦੋ ਨਾਬਾਲਗ਼ ਵੀ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਦੀ ਰਾਤ ਨੂੰ 11:30 ਵਜੇ ਸੰਘਣੇ ਕੋਹਰੇ ਤੇ ਧੁੰਦ ਕਾਰਨ ਡਰਾਇਵਰ ਨੂੰ ਕੁਝ ਸਹੀ ਅੰਦਾਜ਼ਾ ਨਾ ਹੋਇਆ ਅਤੇ 11 ਵਿਅਕਤੀ ਨਾਲ ਭਰੀ ਮਾਰੂਤੀ ਅਰਟਿਗਾ ਕਾਰ ਗ੍ਰੇਟਰ ਨੌਇਡਾ ਦੀ ਇੱਕ ਨਹਿਰ ’ਚ ਜਾ ਡਿੱਗੀ।
ਕਾਰ ਸਵਾਰ ਪੰਜ ਜਣਿਆਂ ਨੂੰ ਗੰਭੀਰ ਹਾਲਤ ’ਚ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਐੱਚਆਰ 55ਬੀ 9115 ਨੰਬਰ ਦੀ ਅਰਟਿਗਾ ਕਾਰ ਸੰਭਲ ਤੋਂ ਦਿੱਲੀ ਆ ਰਹੀ ਸੀ। ਦਨਕੌਰ ਇਲਾਕੇ ਦੀ ਪੁਲਿਸ ਮੁਤਾਬਕ ਇਹ ਕਾਰ ਖੇਰਲੀ ਨਹਿਰ ’ਚ ਡਿੱਗੀ ਸੀ।
ਇਸ ਹਾਦਸੇ ’ਚ ਮਾਰੇ ਗਏ ਵਿਅਕਤੀਆਂ ਦੀ ਸ਼ਨਾਖ਼ਤ 75 ਸਾਲਾ ਰਾਮ ਖਿਲਾੜੀ, 50 ਸਾਲਾ ਕਿਸ਼ਨਲਾਲ, 40 ਸਾਲਾ ਨੇਤਰਪਾਲ, 35 ਸਾਲਾ ਮਹੇਸ਼, 17ਸਾਲਾ ਨੀਰੇਸ਼ ਤੇ 12 ਸਾਲਾ ਮੱਲੂ ਵਜੋਂ ਹੋਈ ਹੈ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਵਸਨੀਕ ਹਨ।
ਪੁਲਿਸ ਮੁਤਾਬਕ ਨਹਿਰ ’ਚੋਂ ਸਾਰੇ 11 ਜਣਿਆਂ ਨੂੰ ਕੱਢ ਕੇ ਹਸਪਤਾਲ ਲਿਜਾਂਦਾ ਗਿਆ ਸੀ; ਜਿਨ੍ਹਾਂ ਵਿੱਚੋਂ ਡਾਕਟਰਾਂ ਨੇ 6 ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ 5 ਇਸ ਵੇਲੇ ਜ਼ੇਰੇ ਇਲਾਜ ਹਨ।
ਚਸ਼ਮਦੀਦ ਗਵਾਹਾਂ ਮੁਤਾਬਕ ਇਹ ਹਾਦਸਾ ਧੁੰਦ ਕਾਰਨ ਹੀ ਵਾਪਰਿਆ ਹੈ ਕਿਉਂਕਿ ਨਹਿਰ ਲਾਗੇ ਤਾਂ ਆਮ ਦਿਨਾਂ ’ਚ ਵੀ ਥੋੜ੍ਹੀ–ਥੋੜ੍ਹੀ ਧੁੰਦ ਬਣੀ ਰਹਿੰਦੀ ਹੈ ਤੇ ਰਾਤੀਂ ਤਾਂ ਉੱਥੇ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ। ਰਾਤ ਵੇਲੇ ਤਾਂ ਕਾਰ ਦਾ ਬੋਨਟ ਤੱਕ ਵਿਖਾਈ ਨਹੀਂ ਦੇ ਰਿਹਾ ਸੀ।
ਉਂਝ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।