ਖਿੜਕੀ, ਦਰਵਾਜ਼ੇ, ਫ਼ਰਨੀਚਰ, ਲਿਫ਼ਟ ਬਟਨ, ਪੌੜੀਆਂ ਦੀ ਰੇਲਿੰਗ, ਪਾਣੀ ਦੀਆਂ ਬੋਤਲਾਂ ਅਤੇ ਕੱਚ ਦੇ ਬਰਤਨ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਜ਼ਰੂਰ ਧੋਵੋ। ਸਿਹਤ ਮਾਹਿਰ ਮੁਤਾਬਿਕ ਲੱਕੜ, ਕੱਚ, ਪਲਾਸਟਿਕ ਅਤੇ ਧਾਤ 'ਤੇ ਕੋਰੋਨਾ ਵਾਇਰਸ ਲੰਮੇ ਸਮੇਂ ਤਕ ਜ਼ਿੰਦਾ ਰਹਿੰਦਾ ਹੈ।
'ਨਿਊ ਇੰਗਲੈਂਡ ਜਰਨਲ ਮੈਡੀਸਿਨ' ਵਿੱਚ ਪ੍ਰਕਾਸ਼ਤ ਇੱਕ ਖੋਜ ਰਿਪੋਰਟ ਦੇ ਅਨੁਸਾਰ ਕੋਰੋਨਾ ਵਾਇਰਸ ਚਿਕਨੀ ਅਤੇ ਬਗੈਰ ਛੇਕਾਂ ਵਾਲੀ ਪਰਤ 'ਤੇ ਲੰਮੇ ਸਮੇਂ ਤਕ ਟਿਕਿਆ ਰਹਿੰਦਾ ਹੈ। ਇਨ੍ਹਾਂ 'ਚ ਲੱਕੜ, ਪਲਾਸਟਿਕ, ਕੱਚ, ਸਟੀਲ, ਪਿੱਤਲ, ਤਾਂਬਾ ਸ਼ਾਮਲ ਹਨ।
ਦੂਜੇ ਪਾਸੇ ਜੇ ਕੈਲੇਫ਼ੋਰਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਮੰਨੀਏ ਤਾਂ ਸਟੀਲ ਅਤੇ ਪਲਾਸਟਿਕ 'ਤੇ ਕੋਰੋਨਾ ਵਾਇਰਸ ਤਿੰਨ ਦਿਨ ਤੱਕ ਜ਼ਿੰਦਾ ਰਹਿੰਦਾ ਹੈ। ਜੇ ਕੋਈ ਵਿਅਕਤੀ ਇਨ੍ਹਾਂ ਤਿੰਨ ਦਿਨਾਂ 'ਚ ਸੰਕਰਮਿਤ ਪਰਤ ਨੂੰ ਛੋਹ ਲੈਂਦਾ ਹੈ ਤਾਂ ਉਹ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਸਕਦਾ ਹੈ।
ਇਸੇ ਤਰ੍ਹਾਂ 'ਜਨਰਲ ਆਫ਼ ਇਨਫੈਕਸ਼ਨ' 'ਚ ਪ੍ਰਕਾਸ਼ਤ ਇੱਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ 20 ਡਿਗਰੀ ਸੈਲਸੀਅਸ ਤਾਪਮਾਨ 'ਚ ਕੋਰੋਨਾ ਵਾਇਰਸ ਸਟੀਲ 'ਤੇ 2 ਦਿਨ, ਲੱਕੜ-ਕੱਚ 'ਤੇ 4 ਦਿਨ ਅਤੇ ਧਾਤ, ਪਲਾਸਟਿਕ ਤੇ ਚੀਨੀ ਮਿੱਟੀ ਨਾਲ ਬਣੀਆਂ ਚੀਜ਼ਾਂ 'ਤੇ 5 ਦਿਨ ਤਕ ਟਿਕਿਆ ਰਹਿ ਸਕਦਾ ਹੈ।
ਖੋਜਕਰਤਾਵਾਂ ਨੇ ਸਲਾਹ ਦਿੱਤੀ ਹੈ ਕਿ ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਬਾਅਦ ਆਪਣੇ ਦੇ ਹੱਥਾਂ ਨੂੰ ਚਿਹਰੇ ਵੱਲ ਲਿਜਾਣ ਤੋਂ ਪਰਹੇਜ਼ ਕਰੋ। ਅਜਿਹਾ ਕਰਕੇ ਹੀ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਕੋਰੋਨਾ ਵਾਇਰਸ ਅੱਖ, ਨੱਕ ਅਤੇ ਮੂੰਹ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦਾ ਹੈ। ਫੇਫੜਿਆਂ ਵਿੱਚ ਦਸਤਕ ਦੇਣ ਤੋਂ ਬਾਅਦ ਮਨੁੱਖਾਂ ਦਾ ਇਸ ਤੋਂ ਬਚਣਾ ਮੁਸ਼ਕਲ ਹੋ ਜਾਂਦਾ ਹੈ। ਖੋਜਕਰਤਾਵਾਂ ਨੇ ਵਾਇਰਸ ਤੋਂ ਬਚਣ ਲਈ ਸਮੇਂ-ਸਮੇਂ 'ਤੇ ਖਿੜਕੀ, ਦਰਵਾਜ਼ੇ, ਫ਼ਰਨੀਚਰ, ਲਿਫ਼ਟ ਬਟਨ, ਪੌੜੀਆਂ ਦੀ ਰੇਲਿੰਗ, ਪਾਣੀ ਦੀਆਂ ਬੋਤਲਾਂ ਅਤੇ ਕੱਚ ਦੇ ਬਰਤਨਾਂ ਨੂੰ ਸਾਫ਼ ਤੇ ਸੈਨੇਟਾਈਜ਼ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਹੱਥਾਂ ਨੂੰ 20-20 ਮਿੰਟ ਬਾਅਦ ਸਾਬਣ ਨਾਲ ਧੋਂਦੇ ਰਹਿਣ ਜਾਂ ਫਿਰ ਸੈਨੇਟਾਈਜ਼ਰ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ।