ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 74ਵੇਂ ਇਜਲਾਸ ਦੌਰਾਨ ਕਸ਼ਮੀਰ ਬਾਰੇ ਦਿੱਤੇ ਭੜਕਾਊ ਭਾਸ਼ਣਾਂ ਤੇ ਬਿਆਨਬਾਜ਼ੀ ਕਾਰਨ ਬਿਹਾਰ ਸਥਿਤ ਮੁਜ਼ੱਫ਼ਰਪੁਰ ਅਦਾਲਤ ਵਿੱਚ ਕੱਲ੍ਹ ਸਨਿੱਚਰਵਾਰ ਨੂੰ ਇੱਕ ਕੇਸ ਦਾਇਰ ਕੀਤਾ ਗਿਆ ਹੈ।
ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੂਰਿਆਕਾਂਤ ਤਿਵਾੜੀ ਦੀ ਅਦਾਲਤ ’ਚ ਇਹ ਕੇਸ ਵਕੀਲ ਸੁਧੀਰ ਕੁਮਾਰ ਓਝਾ ਨੇ ਦਾਇਰ ਕੀਤਾ ਹੈ। ਇਸ ਕੇਸ ਦਾ ਆਧਾਰ ਲੋਕਾਂ ਦੀਆਂ ਭਾਵਨਾਵਾਂ ਭੜਕਾਉਣਾ ਬਣਾਇਆ ਗਿਆ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ 21 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।
ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ੁੱਕਰਵਾਰ ਨੂੰ ਕਸ਼ਮੀਰ ਬਾਰੇ ਬੋਲਦਿਆਂ ਕਿਹਾ ਸੀ ਕਿ ਉੱਥੇ ਪਾਬੰਦੀ ਹਟਦਿਆਂ ਹੀ ਜੰਮੂ–ਕਸ਼ਮੀਰ ’ਚ ਖ਼ੂਨ ਦੀਆਂ ਨਦੀਆਂ ਵਹਿਣਗੀਆਂ। ਉਨ੍ਹਾਂ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰ.ਐੱਸ.ਐੱਸ. ਨੂੰ ਵੀ ਨਿਸ਼ਾਨੇ ’ਤੇ ਲਿਆ ਸੀ।
ਉਨ੍ਹਾਂ ਪਾਕਿਸਤਾਨ ਵਿੱਚ ਘੱਟ–ਗਿਣਤੀਆਂ ’ਤੇ ਹੋ ਰਹੇ ਜ਼ੁਲਮ ਨੂੰ ਨਜ਼ਰਅੰਦਾਜ਼ ਕਰਦਿਆਂ ਜਾਂ ਅਜਿਹੀਆਂ ਘਟਨਾਵਾਂ ਉੱਤੇ ਪਰਦਾ ਪਾਉਂਦਿਆਂ ਆਖਿਆ ਸੀ ਕਿ ਭਾਰਤੀ ਮੁਸਲਮਾਨਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਉਨ੍ਹਾਂ ਆਪਣੇ ਸੰਬੋਧਨ ਰਾਹੀਂ ਦੁਨੀਆ ਭਰ ਦੇ ਮੁਸਲਮਾਨਾਂ ਦਾ ਰਹਿਨੁਮਾ ਬਣਨ ਦਾ ਜਤਨ ਕੀਤਾ ਸੀ।
ਤਦ ਸ੍ਰੀ ਇਮਰਾਨ ਖ਼ਾਨ ਅੱਤਵਾਦ ਨੂੰ ਕੱਟੜਪੰਥੀ ਮੁਸਲਮਾਨਾਂ ਨਾਲ ਜੋੜੇ ਜਾਣ ਤੋਂ ਵੀ ਕਾਫ਼ੀ ਨਾਰਾਜ਼ ਦਿਸੇ ਸਨ। ਉਨ੍ਹਾਂ ਕਿਹਾ ਸੀ ਕਿ 9/11 ਦੇ ਹਮਲਿਆਂ ਤੋਂ ਬਾਅਦ ਇਸਲਾਮ ਦਾ ਡਰ ਚਿੰਤਾਜਨਕ ਹੱਦ ਤੱਕ ਵਧਿਆ ਹੈ। ਇਹ ਡਰ ਵੰਡੀਆਂ ਵੀ ਪੈਦਾ ਕਰ ਰਿਹਾ ਹੈ। ਉਨ੍ਹਾਂ ਆਖਿਆ ਸੀ ਕਿ ‘ਇੱਕ ਔਰਤ ਆਪਣੇ ਕੱਪੜੇ ਲਾਹ ਸਕਦੀ ਹੈ ਪਰ ਉਹ ਇੱਕ ਕੱਪੜਾ (ਹਿਜਾਬ) ਵੱਧ ਨਹੀਂ ਪਾ ਸਕਦੀ।’
ਸ੍ਰੀ ਇਮਰਾਨ ਖ਼ਾਨ ਨੇ ਕਿਹਾ ਕਿ ਇਹ ਸਭ 9/11 ਤੋਂ ਬਾਅਦ ਸ਼ੁਰੂ ਹੋਇਆ ਕਿਉਂਕਿ ਕੁਝ ਪੱਛਮੀ ਦੇਸ਼ਾਂ ਨੇ ਇਸਲਾਮ ਦੀ ਤੁਲਨਾ ਅੱਤਵਾਦ ਨਾਲ ਕੀਤੀ। ਉਨ੍ਹਾਂ ਕਿਹਾ ਸੀ ਕਿ ਕੱਟੜਪੰਥੀ–ਇਸਲਾਮ ਜਿਹੀ ਕੋਈ ਚੀਜ਼ ਨਹੀਂ ਹੈ।