ਸਿਰਸਾ ਦੇ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ `ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿ਼ਲਾਫ਼ ਫ਼ੈਸਲਾ ਆਉਂਦੀ 11 ਜਨਵਰੀ ਨੂੰ ਪੰਚਕੂਲਾ ਸਥਿਤ ਸੀਬੀਆਈ ਦੀ ਅਦਾਲਤ ਵੱਲੋਂ ਸੁਣਾਇਆ ਜਾਵੇਗਾ। ਇਸ ਫੈਸਲੇ ਦੌਰਾਨ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ ਕੀਤਾ ਜਾਵੇਗਾ। ਅਦਾਲਤ `ਚ ਪੇਸ਼ ਕਰਨ ਦੇ ਫੈਸਲੇ ਸਬੰਧੀ ਅੱਜ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਫੈਸਲਾ ਦਿੱਤਾ ਕਿ ਉਨ੍ਹਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਜਾਵੇ।
ਜਿ਼ਕਰਯੋਗ ਹੈ ਕਿ ਪਹਿਲਾਂ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਅਦਾਲਤ `ਚ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਗੁਰਮੀਤ ਰਾਮ ਰਹੀਮ ਨੂੰ ਪੇਸ਼ ਕਰਨ ਨੂੰ ਲੈ ਕੇ ਹਰਿਆਣਾ ਪੁਲਿਸ ਨੇ ਅਦਾਲਤ `ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਮੁੱਖ ਮੁਲਜ਼ਮ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਸਬੰਧੀ ਜਿ਼ਲ੍ਹਾ ਅਟਾਰਨੀ ਪੰਕਜ ਗਰਗ ਨੇ ਦੱਸਿਆ ਕਿ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕਰਨ ਦੀ ਆਗਿਆ ਦੇ ਦਿੱਤੀ ਹੈ, ਜਦੋਂ ਕਿ ਬਾਕੀ ਮੁਲਜ਼ਮ ਜਮਾਨਤ `ਤੇ ਹਨ ਅਤੇ 11 ਜਨਵਰੀ ਨੂੰ ਫੈਸਲੇ ਦੌਰਾਨ ਸੀਬੀਆਈ ਅਦਾਲਤ `ਚ ਮੌਜੂਦ ਹੋਣਗੇ।
ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਚਕੂਲਾ ਦੀ ਸੀਬੀਆਈ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਡੇਰਾ ਮੁੱਖੀ ਨੂੰ ਬਲਾਤਕਾਰ ਦੇ ਮਾਮਲੇ `ਚ 25 ਅਗਸਤ 2017 ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ। ਡੇਰਾ ਮੁਖੀ ਤਦ ਤੋਂ ਹੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਹੈ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਅਤੇ
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਸਿਰਸਾ ਤੋਂ ਇੱਕ ਰੋਜ਼ਾਨਾ ਅਖ਼ਬਾਰ ‘ਪੂਰਾ ਸੱਚ` ਛਾਪਦੇ ਹੁੰਦੇ ਸਨ। ਜਦੋਂ ਉਨ੍ਹਾਂ ਇੱਕ ਅਣਪਛਾਤੀ ਪੀੜਤ ਕੁੜੀ ਦੀ ਚਿੱਠੀ ਛਾਪੀ ਸੀ, ਉਸ ਦੇ ਹੀ ਕੁਝ ਮਹੀਨਿਆਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਚਿੱਠੀ ਵਿੱਚ ਸਪੱਸ਼ਟ ਲਿਖਿਆ ਗਿਆ ਸੀ ਕਿ ਡੇਰਾ ਮੁਖੀ ਕਿਵੇਂ ਕਥਿਤ ਤੌਰ `ਤੇ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ। ਹੁਣ ਉਸ ਮਰਹੂਮ ਪੱਤਰਕਾਰ ਦਾ ਪੁੱਤਰ ਅੰਸ਼ੁਲ ਛਤਰਪਤੀ ਇਨਸਾਫ਼ ਲਈ ਪੂਰਾ ਤਾਣ ਲਾ ਰਿਹਾ ਹੈ।
ਇੱਥੇ ਵਰਨਣਯੋਗ ਹੈ ਕਿ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ `ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਮੁੱਖ ਮੁਲਜ਼ਮ ਹੈ। ਉਸ ਤੋਂ ਇਲਾਵਾ ਡੇਰਾ ਮੈਨੇਜਰ ਕ੍ਰਿਸ਼ਨ ਲਾਲ ਤੇ ਦੋ ਸ਼ਾਰਪ-ਸ਼ੂਟਰ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਵੀ ਇਸੇ ਮਾਮਲੇ `ਚ ਮੁਲਜ਼ਮ ਹਨ। ਇਸ ਪੱਤਰਕਾਰ ਨੂੰ 24 ਅਕਤੂਬਰ, 2002 ਨੂੰ ਸਿਰਸਾ ਸਥਿਤ ਉਸ ਦੇ ਆਪਣੇ ਘਰ ਅੰਦਰ ਹੀ ਬਹੁਤ ਨੇੜਿਓਂ ਗੋਲ਼ੀ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ। ਬਾਅਦ `ਚ ਸਥਾਨਕ ਹਸਪਤਾਲ `ਚ ਉਨ੍ਹਾਂ ਦੀ ਮੌਤ ਹੋ ਗਈ ਸੀ।
25 ਅਗਸਤ, 2017 ਨੂੰ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਚਕੂਲਾ `ਚ ਹਿੰਸਾ ਭੜਕੀ ਗਈ ਸੀ। ਤਦ ਪੰਚਕੂਲਾ `ਚ ਡੇਰਾ ਸਿਰਸਾ ਦੇ 36 ਸ਼ਰਧਾਲੂ ਮਾਰੇ ਗਏ ਸਨ ਅਤੇ ਸੁਰੱਖਿਆ ਬਲਾਂ ਨਾਲ ਸੰਘਰਸ਼ ਦੌਰਾਨ ਸਿਰਸਾ `ਚ ਉਸੇ ਦਿਨ ਛੇ ਸ਼ਰਧਾਲੂ ਵੱਖਰੇ ਮਾਰੇ ਗਏ ਸਨ।
ਹਾਲੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿ਼ਲਾਫ਼ ਦੋ ਮਾਮਲੇ ਹੋਰ ਮੁਲਤਵੀ ਪਏ ਹਨ। ਇੱਕ ਤਾਂ ਉਸ ਦੇ ਆਪਣੇ ਸ਼ਰਧਾਲੂ ਰਣਜੀਤ ਸਿੰਘ ਦੇ ਕਤਲ ਨਾਲ ਸਬੰਧਤ ਹੈ; ਜਿਸ ਦੀ ਸੁਣਵਾਈ ਹੁਣ ਆਖ਼ਰੀ ਗੇੜ ਵਿੱਚ ਹੈ। ਦੂਜਾ ਮਾਮਲਾ ਡੇਰਿਆਂ ਦੇ ਸਾਧੂਆਂ ਦੇ ਪਤਾਲ਼ੂ ਆਪਰੇਸ਼ਨ ਕਰ ਕੇ ਵੱਢ ਦੇਣ ਦਾ ਮਾਮਲਾ ਵੀ ਜ਼ੇਰੇ ਗ਼ੌਰ ਹੈ। ਇਸ ਕੇਸ ਵਿੱਚ ਚਲਾਨ ਪਹਿਲਾਂ ਹੀ ਪੇਸ਼ ਹੋ ਚੁੱਕਾ ਹੈ।