ਕਾਲੇ ਧਨ ਨੂੰ ਕਾਬੂ ਕਰਨ ਲਈ ਸੀਬੀਆਈ (CBI) ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਛਾਪੇ ਮਾਰ ਰਹੀ ਹੈ। ਸੀਬੀਆਈ ਨੇ ਇਸ ਦੌਰਾਨ ਲੱਖਾਂ ਰੁਪਏ ਤੇ ਕਈ ਅਹਿਮ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। ਕੇਂਦਰੀ ਜਾਂਚ ਬਿਊਰੋ ਇੰਝ ਇੱਕ ਹਫ਼ਤੇ ਵਿੱਚ ਦੂਜੀ ਵਾਰ ਇਸ ਪੱਧਰ ਦੀ ਕਾਰਵਾਈ ਕੀਤੀ ਹੈ।
ਇਸ ਤੋਂ ਪਹਿਲਾਂ ਬੀਤੀ ਦੋ ਜੁਲਾਈ ਨੂੰ ਬੈਂਕ ਧੋਖਾਧੜੀਆਂ ਦੇ ਮੁਲਜ਼ਮਾਂ ਵਿਰੁੱਧ ਮੁਹਿੰਮ ਚਲਾਈ ਗਈ ਸੀ। ਸੀਬੀਆਈ ਨੇ ਤਦ 12 ਸੁਬਿਆਂ ਦੇ 18 ਸ਼ਹਿਰਾਂ ਵਿੱਚ ਸਥਿਤ 50 ਟਿਕਾਣਿਆਂ ਦੀ ਤਲਾਸ਼ੀ ਲਈ ਸੀ।
ਉੱਧਰ ਛੇ ਜੁਲਾਈ ਨੂੰ ਬਰਖ਼ਾਸਤ ਆਮਦਨ ਟੈਕਸ ਕਮਿਸ਼ਨਰ ਸੰਜੇ ਸ੍ਰੀਵਾਸਤਵ ਦੇ ਦਿੱਲੀ, ਨੌਇਡਾ ਤੇ ਗ਼ਾਜ਼ੀਆਬਾਦ ਦੇ 12 ਟਿਕਾਣਿਆਂ ਉੱਤੇ ਛਾਪੇ ਮਾਰੇ ਗਏ ਸਨ।
ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਨਾਉਣ ਦਾ ਐਲਾਨ ਕੀਤਾ ਹੈ। ਇਸ ਲੜੀ ਵਿੱਚ ਆਮਦਨ ਟੈਕਸ ਵਿਭਾਗ ਤੇ ਕਸਟਮਜ਼ ਤੇ ਐਕਸਾਈਜ਼ ਵਿਭਾਗ ਦੇ ਲਗਭਗ 25 ਅਧਿਕਾਰੀਆਂ ਨੂੰ ਜਬਰੀ ਸੇਵਾ–ਮੁਕਤ ਕਰ ਦਿੱਤਾ ਗਿਆ ਸੀ।
ਅਮਲਾ ਮੰਤਰਾਲੇ ਨੇ ਹਰੇਕ ਵਿਭਾਗ ਵਿੱਚ ਭ੍ਰਿਸ਼ਟ ਅਧਿਕਾਰੀਆਂ ਦੀ ਸੂਚੀ ਬਣਾਉਣ ਦੀ ਹਦਾਇਤ ਕੀਤੀ ਸੀ।
ਦਰਅਸਲ ਸੀਬੀਆਈ ਹੁਣ ਉੱਤਰ ਪ੍ਰਦੇਸ਼ ਖੰਡ ਮਿਲ ਘੁਟਾਲਾ, ਨੋਟਬੰਦੀ ਘੁਟਾਲਾ, ਹਰਿਆਣਾ ਦਾ ਜ਼ਮੀਨ ਘੁਟਾਲਾ, ਹਰਿਦੁਆਰਾ ਬੈਂਕ ਘੁਟਾਲਾ, ਸ਼ਿਮਲਾ ਵਿੱਚ 250 ਕਰੋੜ ਰੁਪਏ ਦਾ ਘੁਟਾਲਾ, ਕੋਲ਼ਾ ਘੁਟਾਲਾ, ਮੋਤੀਹਾਰੀ ਬਾਲ–ਗ੍ਰਹਿ ਕਾਂਡ ਤੇ ਜੰਮੂ–ਕਸ਼ਮੀਰ ਵਿੱਚ ਬੰਦੂਕ ਲਾਇਸੈਂਸ ਸਮੇਤ 30 ਮਾਮਲਿਆਂ ਵਿੱਚ ਕਾਰਵਾਈ ਕੀਤੀ।
ਸੀਬੀਆਈ ਨੇ ਪੰਜਾਬ, ਚੰਡੀਗੜ੍ਹ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਦਿੱਲੀ, ਉੱਤਰਾਖੰਡ, ਹਰਿਆਣਾ, ਰਾਜਸਥਾਨ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲ ਨਾਡੂ, ਹਿਮਾਚਲ ਪ੍ਰਦੇਸ਼, ਓੜੀਸ਼ਾ, ਛੱਤੀਸਗੜ੍ਹ, ਗੋਆ, ਜੰਮੂ–ਕਸ਼ਮੀਰ ਤੇ ਆਂਧਰਾ ਪ੍ਰਦੇਸ਼ ਵਿੱਚ ਕਾਰਵਾਈ ਕੀਤੀ ਹੈ।