ਸਮੂਹ ਭਾਰਤ ਵਾਸੀ ਅੱਜ 71ਵੇਂ ਗਣਤੰਤਰ ਦਿਵਸ ਦੇ ਜਸ਼ਨ ਮਨਾ ਰਹੇ ਹਨ। 26 ਜਨਵਰੀ, 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਅੱਜ ਵੀ ਹਰ ਸਾਲ ਵਾਂਗ ਦੇਸ਼ ਦੇ ਰਾਸ਼ਟਰਪਤੀ ਗਣਤੰਤਰ ਦਿਵਸ ਪਰੇਡ ਦੀ ਸਲਾਮੀ ਲੈਣਗੇ। ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਰਾਜਪਥ ’ਤੇ ਤਿਰੰਗਾ ਵੀ ਲਹਿਰਾਉਣਗੇ। ਅੱਜ ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਗਣਤੰਤਰ ਦਿਵਸ ਦੀ ਪਰੇਡ ਵਿੱਚ ਸਭਿਆਚਾਰਕ ਵਿਭਿੰਨਤਾ, ਸਮਾਜਕ ਤੇ ਆਰਥਿਕ ਪ੍ਰਗਤੀ ਦੇ ਨਾਲ–ਨਾਲ ਦੁਨੀਆ ’ਚ ਵਧਦੀ ਫ਼ੌਜੀ ਤਾਕਤ ਵੀ ਵੇਖਣ ਨੂੰ ਮਿਲੇਗੀ।
ਗਣਤੰਤਰ ਦਿਵਸ ਸਮਾਰੋਹ ਲਈ ਅੱਜ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਮੇਸੀਅਸ ਬੋਲਸੋਨਾਰੇ ਮੁੱਖ ਮਹਿਮਾਨ ਹਨ। ਰਾਸ਼ਟਰਪਤੀ ਭਵਨ ’ਚ ਕੱਲ੍ਹ ਸਨਿੱਚਰਵਾਰ ਨੂੰ ਸ੍ਰੀ ਬੋਲਸੋਨਾਰੋ ਦਾ ਰਸਮੀ ਸੁਆਗਤ ਕੀਤਾ ਗਿਆ ਸੀ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਹੀ ਰਾਸ਼ਟਰਪਤੀ ਭਵਨ ਵਿੱਚ ਸ੍ਰੀ ਬੋਲਸੋਨਾਰੋ ਦੀ ਅਗਵਾਈ ਕੀਤੀ ਸੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਸਮੇਤ ਇੱਕ ਉੱਚ–ਪੱਧਰੀ ਵਫ਼ਦ ਵੀ ਭਾਰਤ ਪੁੱਜਾ ਹੈ।
ਅੱਜ ਦੀ ਪਰੇਡ ਵਿੱਚ ਦੇਸ਼ ਦੇ 16 ਸੂਬੇ, ਕੇਂਦਰ ਸ਼ਾਸਤ ਪ੍ਰਦੇਸ਼ ਤੇ 6 ਮੰਤਰਾਲੇ ਭਾਗ ਲੈਣਗੇ। ਅੱਜ ਦੀ ਇਸ ਪਰੇਡ ਉੱਤੇ ਦਿੱਲੀ ਪੁਲਿਸ ਡ੍ਰੋਨਜ਼ ਰਾਹੀਂ ਚੌਕਸ ਨਜ਼ਰ ਰੱਖੇਗੀ।
ਦਿੱਲੀ ਪੁਲਿਸ ਤੋਂ ਇਲਾਵਾ ਕੇਂਦਰੀ ਸੁਰੱਖਿਆ ਬਲਾਂ ਦੀਆਂ ਟੀਮਾਂ ਵੀ ਪੂਰੀ ਤਰ੍ਹਾਂ ਤਾਇਨਾਤ ਹਨ। ਦੇਸ਼ ਦੀਆਂ ਉੱਘੀਆਂ ਹਸਤੀਆਂ ਇਸ ਪਰੇਡ ਨੂੰ ਵੇਖਣ ਲਈ ਹਰ ਸਾਲ ਪੁੱਜਦੀਆਂ ਹਨ। ਦਿੱਲੀ ਪੁਲਿਸ ਨੇ ਸੁਰੱਖਿਆ ਨਿਗਰਾਨੀ ਲਈ ਨੀਮ–ਫ਼ੌਜੀ ਬਲਾਂ ਦੀਆਂ 48 ਕੰਪਨੀਆਂ, ਦਿੱਲੀ ਪੁਲਿਸ ਦੇ 17,000 ਜਵਾਨਾਂ, ਸਾਦੇ ਕੱਪੜਿਆਂ ’ਚ ਪੁਲਿਸ ਦੇ 2,700 ਜਵਾਨ ਤਾਇਨਾਤ ਕੀਤੇ ਗਏ ਹਨ।
ਇਲੈਕਟ੍ਰੌਨਿਕ ਤਰੀਕੇ ਨਾਲ ਚੌਕਸੀ ਰੱਖਣ ਲਈ 10 ਸੀਸੀਟੀਵੀ ਕੰਟਰੋਲ ਰੂਮ ਬਣਾਏ ਗਏ ਹਨ।