ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਸ੍ਰੀ ਅਜੀਤ ਡੋਵਾਲ ਜੰਮੂ–ਕਸ਼ਮੀਰ ਵਿੱਚ ਆਜ਼ਾਦੀ ਦਿਹਾੜੇ ਭਾਵ 15 ਅਗਸਤ ਤੱਕ ਰਹਿਣਗੇ। ਤਦ ਤੱਕ ਸ੍ਰੀ ਡੋਵਾਲ ਨੇ ਇਹ ਯਕੀਨੀ ਬਣਾਉਣਾ ਹੈ ਕਿ ਈਦ–ਉਲ–ਜ਼ੁਹਾ (ਬਕਰੀਦ) ਦਾ ਤਿਉਹਾਰ ਅਮਨ–ਚੈਨ ਨਾਲ ਨਿੱਕਲ ਜਾਵੇ। ਇਸੇ ਲਈ ਸ੍ਰੀ ਡੋਵਾਲ ਲਗਾਤਾਰ ਸਥਾਨਕ ਲੋਕਾਂ ਤੇ ਸੁਰੱਖਿਆ ਬਲਾਂ ਨੂੰ ਮਿਲ ਰਹੇ ਹਨ।
ਜੰਮੂ–ਕਸ਼ਮੀਰ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਸਰਕਾਰ ਹਰ ਤਰ੍ਹਾਂ ਦੀ ਸਾਵਧਾਨੀ ਵਰਤ ਰਹੀ ਹੈ। ਸੂਬੇ ਦੇ ਲੋਕਾਂ ਦਾ ਭਰੋਸਾ ਜਿੱਤਣ ਦੇ ਮੰਤਵ ਨਾਲ ਹੀ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਨੇ ਕੱਲ੍ਹ ਸਨਿੱਚਰਵਾਰ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਦਾ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਈਦ–ਉਲ–ਜ਼ੁਹਾ ਨੂੰ ਲੈ ਕੇ ਪਸ਼ੂ–ਵਪਾਰੀਆਂ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ। ਧਾਰਾ 370 ਹਟਾਉਣ ਦੇ ਸਰਕਾਰ ਦੇ ਫ਼ੈਸਲੇ ਦੇ ਇੱਕ ਦਿਨ ਬਾਅਦ ਭਾਵ 6 ਅਗਸਤ ਤੋਂ ਹੀ ਸ੍ਰੀ ਡੋਵਾਲ ਜੰਮੂ–ਕਸ਼ਮੀਰ ਵਿੱਚ ਹੀ ਹਨ।
ਸ੍ਰੀ ਡੋਵਾਲ ਨੇ ਸ਼ੁੱਕਰਵਾਰ ਨੂੰ ਸ੍ਰੀਨਗਰ ਦੇ ਕੁਝ ਵਧੇਰੇ ਨਾਜ਼ੁਕ ਇਲਾਕਿਆਂ ਦਾ ਦੌਰਾ ਕੀਤਾ ਸੀ ਤੇ ਸਥਾਨਕ ਲੋਕਾਂ ਅਤੇ ਸੁਰੱਖਿਆ ਜਵਾਨਾਂ ਨਾਲ ਗੱਲਬਾਤ ਕੀਤੀ ਸੀ। ਉਸ ਤੋਂ ਪਹਿਲਾਂ ਉਨ੍ਹਾਂ ਬੁੱਧਵਾਰ ਨੂੰ ਸ਼ੋਪੀਆਂ ’ਚ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨਾਲ ਖਾਣਾ ਵੀ ਖਾਇਆ ਸੀ।